ਭਵਾਨੀਗੜ੍ਹ,(ਗੁਰਦੀਪ ਸਿੰਘ)
ਅੱਜ ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮਾਹੀਆਂ ਪੱਤੀ, ਚਹਿਲਾਂ ਪੱਤੀ, ਤੂਰ ਪੱਤੀ, ਮੁੱਖ ਬਜ਼ਾਰ, ਗੁਰਦੁਆਰਾ ਭਗਤ ਰਵਿਦਾਸ ਜੀ, ਵਿਸ਼ਵਕਰਮਾ ਮੰਦਰ, ਟਰੱਕ ਯੂਨੀਅਨ, ਨਵਾਂ ਬੱਸ ਸਟੈਂਡ, ਬਾਲਦ ਕੈਂਚੀਆਂ, ਗੁਰਦੁਆਰਾ ਸੰਗਤਸਰ, ਅਜੀਤ ਨਗਰ, ਗੁਰਦੁਆਰਾ ਨਾਮਦੇਵ ਜੀ, ਅਨਾਜ ਮੰਡੀ, ਸ਼ਹੀਦ ਭਗਤ ਸਿੰਘ ਚੌਂਕ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਕੀਰਤਨੀ ਤੇ ਕਵਿਸ਼ਰੀ ਜੱਥਿਆਂ ਵੱਲੋਂ ਸਿੱਖ ਇਤਿਹਾਸ ਪ੍ਰਤੀ ਜਾਗਰੂਕ ਕੀਤਾ ਗਿਆ। ਥਾਂ ਥਾਂ ਤੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ,ਤੇਜਾ ਸਿੰਘ ਕਮਾਲਪੁਰ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਆਦਿ ਆਗੂਆਂ ਨੇ ਗੁਰੂ ਪੁਰਬ ਦੀਆਂ ਵਧਾਈਆਂ ਦਿੱਤੀਆਂ।