ਭਵਾਨੀਗੜ੍ (ਕ੍ਰਿਸ਼ਨ ਚੌਹਾਨ )ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕਾਮਰੇਡ ਉਧਮ ਸਿੰਘ ਸੰਤੋਖਪੁਰਾ ਤੇ ਲਾਭ ਸਿੰਘ ਨਮੋਲ ਦੀ ਅਗਵਾਈ ਹੇਠ ਅੱਜ ਸਥਾਨਕ ਫੂਡ ਸਪਲਾਈ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਸਮੇਂ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ ਲੰਮੇ ਸਮੇੰ ਤੋੰ ਪਿੰਡ ਘਰਾਚੋੰ ਦੇ ਕਾਰਡ ਧਾਰਕਾਂ ਦੀ ਕਣਕ ਵੰਡ ‘ਚ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਆਪਣੀ ਮਨਮਰਜੀ ਨਾਲ ਕਣਕ ਦੇ ਰਹੇ ਹਨ ਤੇ ਪਿਛਲੇ ਦਿਨੀੰ 30 ਕਿਲੋ ਪ੍ਰਤੀ ਮੈੰਬਰ ਕਣਕ ਆਈ ਪਰੰਤੂ ਇਸ ‘ਤੇ ਵੱਡੇ ਕੱਟ ਲਾ ਕੇ ਧੱਕੇ ਨਾਲ ਕਣਕ ਦੀ ਵੰਡ ਕੀਤੀ ਗਈ ਤੇ ਕਣਕ ਦੀ ਕਟੌਤੀ ਦਾ ਕਾਰਨ ਪੁੱਛੇ ਜਾਣ ‘ਤੇ ਕਾਰਡ ਧਾਰਕਾਂ ਨਾਲ ਗੈਰ ਜਿੰਮੇਵਾਰਾਨਾ ਰਵੱਈਆ ਆਪਣਾਇਆ ਗਿਆ। ਆਗੂ ਸੰਤੋਖਪੁਰਾ ਨੇ ਕਿਹਾ ਕਿ ਅੱਜ ਦੇ ਰੋਸ ਧਰਨੇ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ ਡਿਪੂ ਹੋਲਡਰ ਤੇ ਵਿਭਾਗ ਦੇ ਅਧਿਕਾਰੀ ਇਸੇ ਤਰ੍ਹਾਂ ਕਰਦੇ ਰਹੇ ਤਾਂ ਇੱਕ ਹਫਤੇ ਬਾਅਦ ਵੱਡਾ ਇਕੱਠ ਕਰਕੇ ਤਿੱਖਾ ਐਕਸ਼ਨ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਡਿਪੂ ਹੋਲਡਰ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਗੁਰਦੀਪ ਸਿੰਘ ਤੇ ਰਣਧੀਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਓਧਰ, ਦੂਜੇ ਪਾਸੇ ਫੂਡ ਸਪਲਾਈ ਵਿਭਾਗ ਭਵਾਨੀਗੜ੍ਹ ਦੇ ਇੰਚਾਰਜ ਕੋਮਲ ਗੋਇਲ ਨੇ ਕਿਹਾ ਕਿ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਮਿਲਣ ‘ਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।