ਆਪ ਸਰਕਾਰ ਦਾ ਬਜਟ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਤਬਾਹੀ ਵੱਲ ਲੈ ਕੇ ਜਾਵੇਗਾ-ਗਰਗ

ਭਵਾਨੀਗੜ੍ਹ(ਕ੍ਰਿਸ਼ਨ ਚੌਹਾਨ/ ਗੁਰਦੀਪ ਸਿਮਰ)  -ਭਗਵੰਤ ਮਾਨ ਸਰਕਾਰ ਦਾ ਬਜਟ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਤਬਾਹੀ ਵੱਲ ਲੈ ਕੇ ਜਾਵੇਗਾ, ਬਜਟ ਵਿੱਚ ਯੂਨੀਵਰਸਿਟੀਆਂ ਲਈ ਕੇਵਲ 990 ਕਰੋੜ ਤਜਵੀਜ਼ ਹਨ। ਗੱਲਬਾਤ ਕਰਦਿਆਂ ਹਲਕਾ ਸੇਵਾਦਾਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਨੂੰ ਸਰਕਾਰ ਦੀ ਪਹਿਲੀ ਤਰਜੀਹ ਕਹਿਣ ਵਾਲੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀਆਂ ਦੀ ਇਸ ਸਿਰਮੌਰ ਸੰਸਥਾ ਨੂੰ ਪੈਰਾਂ ਸਿਰ ਕਰਨ ਲਈ ਕੀਤੀ 360 ਕਰੋੜ ਮੰਗ ਨੂੰ ਅਣਗੌਲਿਆ ਕਰਕੇ ਪਿਛਲੇ ਸਾਲ ਵਿੱਚ ਮਿਲ ਰਹੀ 200 ਕਰੋੜ ਦੀ ਰਾਸ਼ੀ ਨੂੰ ਘਟਾ ਕੇ 164 ਕਰੋੜ ਕਰਨਾ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਸ਼ਰਮਨਾਕ ਤੇ ਕੋਝੀ ਸਾਜ਼ਿਸ਼ ਹੈ।ਬਾਬੂ ਗਰਗ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਅਤੇ ਪੰਜਾਬੀਅਤ ਦੀ ਸ਼ਾਨਦਾਰ ਇਤਿਹਾਸਕ ਵਿਰਾਸਤ ਹੈ ਜਿਸ ਦਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਦਾ ਵਿਲੱਖਣ ਇਤਿਹਾਸ ਹੈ। ਇਸ ਇਤਿਹਾਸ ਨੂੰ ਮਿਟਾਉਣ ਦੇ ਮਨਸੂਬੇ ਬਣਾ ਰਹੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਇਸ਼ਾਰੇ ਤੇ ਇਸ ਨੂੰ ਆਰਥਿਕ ਤੌਰ ਤੇ ਅਣਗੌਲਿਆ ਕਰਕੇ ਇਸ ਸੰਸਥਾ ਦੇ ਸ਼ਾਨਾਮੱਤੇ ਇਤਿਹਾਸ ਨੂੰ ਰੋਲਣ ਦੀ ਘਿਨਾਉਣੀ ਕਾਰਵਾਈ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਜਿਸ ਨੂੰ ਕੋਈ ਪੰਜਾਬੀ ਬਰਦਾਸ਼ਤ ਨਹੀਂ ਕਰੇਗਾ। ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਵਲੋਂ ਯੂਨੀਵਰਸਿਟੀ ਦੇ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁੱਕਤ ਕਰਨ ਦਾ ਐਲਾਨ ਕਰਕੇ ਝੂਠਾ ਡਰਾਮਾ ਰੱਚਣ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਅਤੇ ਸਰਕਾਰ ਦੀ ਘੋਰ ਬੇਇਨਸਾਫ਼ੀ ਖਿਲਾਫ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਹਰ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੀ ਹਮਾਇਤ ਦੇਵੇਗਾ।