ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ)
ਸੇਵਾ ਕੇਂਦਰ ਮੁਲਾਜ਼ਮ ਯੂਨੀਅਨ, ਪੰਜਾਬ (ਅਕਬਰਪੁਰ) ਵਲੋਂ ਮੁਲਾਜ਼ਮਾਂ ਦੀ ਤਨਖਾਹ ਚ ਵਾਧਾ ਕਰਨ ਅਤੇ ਸੇਵਾਵਾਂ ਰੈਗੂਲਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀਂ ਸ਼੍ਰੀ ਭਗਵੰਤ ਸਿੰਘ ਮਾਨ ਨੂੰ ਗੁਹਾਰ ਲਗਾਈ ਹੈ।
ਇਸ ਸਬੰਧੀਂ ਜਥੇਬੰਦੀਂ ਦੇ ਸੂਬਾਈ ਸਰਪ੍ਰਸਤ ਅਵਤਾਰ ਅਕਬਰਪੁਰ ਨੇ ਇੱਕ ਮੰਗ ਪੱਤਰ ਮੁੱਖ ਮੰਤਰੀਂ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਓਐਸਡੀ ਸ਼੍ਰੀ ਰਾਜਬੀਰ ਸਿੰਘ ਘੁਮਾਣ ਨੂੰ ਇੱਕ ਮੁਲਾਕਾਤ ਰਾਹੀਂ ਦਿੱਤਾ। ਸ਼੍ਰੀ ਅਕਬਰਪੁਰ ਨੇ ਮੰਗ ਰੱਖੀ ਕਿ ਪਿਛਲੇ 7 ਸਾਲਾਂ ਤੋਂ ਸੇਵਾ ਕੇਂਦਰ ਮੁਲਾਜ਼ਮ ਨਿਗੂਣੀਆਂ ਤਨਖਾਹਾਂ ਉਤੇ ਕੰਮ ਕਰਨ ਲਈ ਮਜ਼ਬੂਰ ਹਨ, ਉਨ੍ਹਾਂ ਮੰਗ ਰੱਖੀ ਕਿ ਜਿੱਥੇ ਫੌਰੀ ਤੌਰ ਤੇ ਉਨ੍ਹਾਂ ਦੀਆਂ ਤਨਖਾਹਾਂ ਚ ਵਾਧਾ ਕੀਤਾ ਜਾਵੇ, ਉਥੇ ਉਨ੍ਹਾਂ ਦੀਆਂ ਹੁਣ ਤੱਕ ਦੀਆਂ ਸ਼ਾਨਦਾਰ ਸੇਵਾਵਾਂ ਵੇਖਦਿਆਂ ਉਨ੍ਹਾਂ ਨੂੰ ਪੰਜਾਬ ਸਰਕਾਰ ਆਪਣੇ ਅਧੀਨ ਲਵੇ। ਉਨ੍ਹਾਂ ਮੰਗ ਰੱਖੀ ਕਿ ਇੱਕ ਮੁਲਾਜ਼ਮ ਦੀ ਘੱਟੋ-ਘੱਟ ਤਨਖਾਹ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਣੀ ਚਾਹੀਦੀ ਹੈ।
ਉਧਰ ਆਪਣੀ ਪਿੰਡ ਘਰਾਚੋਂ ਸਥਿਤ ਰਿਹਾਇਸ਼ ਉਤੇ ਸ਼੍ਰੀ ਰਾਜਬੀਰ ਸਿੰਘ ਘੁਮਾਣ ਨੇ ਇਸ ਮੀਟਿੰਗ ਦੌਰਾਨ ਜਥੇਬੰਦੀ ਨੂੰ ਵਿਸਵਾਸ਼ ਦਿਵਾਇਆ ਕਿ ਪਹਿਲਾਂ ਤੋਂ ਹੀ ਮੁੱਖ ਮੰਤਰੀਂ ਸ਼੍ਰੀ ਭਗਵੰਤ ਸਿੰਘ ਮਾਨ ਦੇ ਸੇਵਾ ਕੇਂਦਰ ਮੁਲਾਜ਼ਮਾਂ ਦਾ ਮਾਮਲਾ ਧਿਆਨ ਵਿੱਚ ਹੈ ਅਤੇ ਜਲਦ ਇਸ ਸਬੰਧੀਂ ਹੋਰ ਬਾਰੀਕੀ ਨਾਲ ਗੌਰ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲੇ ਹੱਲ ਕੀਤੇ ਜਾਣਗੇ। ਇਸਦੇ ਨਾਲ ਹੀ ਸ਼੍ਰੀ ਘੁਮਾਣ ਨੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੀ ਮੁੱਖ ਮੰਤਰੀਂ ਸ਼੍ਰੀ ਭਗਵੰਤ ਸਿੰਘ ਮਾਨ ਨਾਲ ਇੱਕ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ।