ਗੱਤਾ ਫੈਕਟਰੀ ਚ’ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਭਵਾਨੀਗੜ੍ਹ (ਬਲਵਿੰਦਰ ਬਾਲੀ ) : ਐਤਵਾਰ ਬਾਅਦ ਦੁਪਹਿਰ ਪਿੰਡ ਚੰਨੋ ਵਿਖੇ ਲਲੋਛੀ ਰੋਡ ‘ਤੇ ਸਥਿਤ ਇਕ ਗੱਤਾ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰ ਗਈ। ਅੱਗ ਦੀ ਇਸ ਘਟਨਾ ਦੌਰਾਨ ਫੈਕਟਰੀ ਅੰਦਰ ਰੱਖੀਆਂ ਵੱਡੇ ਪੱਧਰ ‘ਤੇ ਪਰਾਲੀ ਦੀਆਂ ਗੱਠਾਂ ਤੇ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਪਿੱਛੇ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ।
ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਨੇੜਲੇ ਤਿੰਨ ਸ਼ਹਿਰਾਂ ‘ਚੋੰ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਨੇੜਲੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਦੋਂ ਤੱਕ ਅੱਗ ਦੀ ਚਪੇਟ ‘ਚ ਆਉਣ ਕਾਰਨ ਫੈਕਟਰੀ ‘ਚ ਪਿਆ ਕਾਫੀ ਸਮਾਨ ਨੁਕਸਾਨਿਆ ਜਾ ਚੁੱਕਿਆ ਸੀ।
ਘਟਨਾ ਸਬੰਧੀ ਏ. ਐੱਸ. ਆਈ. ਗੁਰਮੇਲ ਸਿੰਘ ਚੌਕੀ ਇੰਚਾਰਜ ਕਾਲਾਝਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਫੈਕਟਰੀ ‘ਚ ਬਿਲਡਿੰਗ ਉਸਾਰੀ ਦਾ ਕੋਈ ਕੰਮ ਚੱਲ ਰਿਹਾ ਸੀ ਤਾਂ ਇਸ ਦੌਰਾਨ ਸ਼ਾਰਟ ਸਰਕਟ ਹੋਣ ਕਾਰਨ ਫੈਕਟਰੀ ‘ਚ ਅੱਗ ਲੱਗ ਗਈ ਤੇ ਕੱਚੇ ਮਾਲ ਦੇ ਰੂਪ ‘ਚ ਉਥੇ ਪਈ ਸੈਂਕੜੇ ਟਨ ਝੋਨੇ ਦੀ ਪਰਾਲੀ ਅੱਗ ਨਾਲ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਸੰਗਰੂਰ, ਨਾਭਾ ਤੇ ਪਟਿਆਲਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ‘ਚ ਪਹੁੰਚੀ ਪੁਲਸ ਟੀਮ ਨੇ ਵੀ ਫੁਰਤੀ ਨਾਲ ਨੇੜਲੇ ਖੇਤਾਂ ਦੀਆਂ ਮੋਟਰਾਂ ‘ਚੋਂ ਪਾਇਪਾਂ ਰਾਹੀਂ ਅੱਗ ‘ਤੇ ਪਾਣੀ ਦੀ ਵਾਛੜ ਕੀਤੀ।
ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਅਗਜਨੀ ਦੀ ਇਹ ਘਟਨਾ ਸ਼ਾਰਟ ਸਰਕਟ ਹੋਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ‘ਚ ਫੈਕਟਰੀ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉਧਰ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਲੋਕਾਂ ਤੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਜਾਰੀ ਸਨ।