ਸੰਗਰੂਰ (ਬਲਵਿੰਦਰ ਬਾਲੀ )-ਸਕੂਲਾਂ ’ਚ ਭੇਜਣ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ 4161 ਮਾਸਟਰ ਕੇਡਰ ਅਧਿਆਪਕਾਂ ’ਤੇ ਪੁਲਸ ਵੱਲੋਂ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਦੌਰਾਨ ਅਧਿਆਪਕਾਂ ਦੀਆਂ ਪੱਗਾਂ ਉਤਰ ਗਈਆਂ। ਆਗੂਆਂ ਨੇ ਦੱਸਿਆ ਕਿ ਲੰਘੀ 5 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਖੇ ਇਕ ਸਮਾਰੋਹ ਦੌਰਾਨ ਨਿਯੁਕਤੀ ਪੱਤਰ ਵੰਡੇ ਸਨ ਪਰ ਅਧਿਆਪਕ 2 ਮਹੀਨੇ ਬੀਤ ਜਾਣ ਤੋਂ ਬਾਅਦ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ ਸਬੰਧੀ ਉੱਚ ਅਧਿਕਾਰੀਆਂ ਤੇ ਮੰਤਰੀ ਤੱਕ ਪਹੁੰਚ ਕਰ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਹੋਇਆ। ਇਸ ਤੋਂ ਬਾਅਦ ਦੁਖ਼ੀ ਹੋ ਕੇ ਸਾਡੇ ਵੱਲੋਂ ਇਹ ਕਦਮ ਚਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਪਰ ਸਰਕਾਰ ਨੇ ਜਾਣਬੁੱਝ ਕੇ ਪੁਲਸ ਦਾ ਤਸ਼ੱਦਦ ਕਰਵਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ’ਤੇ ਗੌਰ ਨਹੀਂ ਹੁੰਦੀ, ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਸ਼ਪਾਲ ਜਲਾਲਾਬਾਦ, ਬਲਬੀਰ ਸੈਣੀ, ਇਕਬਾਲ ਮਾਲੇਰਕੋਟਲਾ, ਸੰਦੀਪ ਗਿੱਲ, ਅਲਕਾ ਫਗਵਾੜਾ, ਹਰਜਿੰਦਰ ਕੌਰ ਢਿੱਲੋਂ, ਗੁਰਜੀਤ ਸੰਗਰੂਰ, ਅਮਿਤ ਸੰਗਰੂਰ, ਇੰਦਰਾਜ਼ ਅਬੋਹਰ, ਹਰਦੀਪ ਬਠਿੰਡਾ, ਡੀ.ਪੀ.ਐੱਫ. ਤੋਂ ਦਲਜੀਤ ਸਫੀਪੁਰ, ਪੈਪਸੀਕੋ ਯੂਨੀਅਨ ਤੋਂ ਕ੍ਰਿਸ਼ਨ ਸਿੰਘ ਆਦਿ ਸਾਥੀ ਹਾਜ਼ਰ ਸਨ।