ਭਵਾਨੀਗੜ੍ਹ, 10 ਮਾਰਚ (ਕ੍ਰਿਸ਼ਨ ਚੌਹਾਨ ) : ਅੱਜ ਸਬ ਡਵੀਜ਼ਨ ਨਦਾਮਪੁਰ ਵਿਖੇ ਬਿਜਲੀ ਮੁਲਾਜਮਾਂ ਵੱਲੋਂ ਸੀ ਆਰ ਏ 295 ਦੇ ਤਹਿਤ ਭਰਤੀ ਕੀਤੇ ਗਏ 400 ਦੇ ਕਰੀਬ ਸਹਾਇਕ ਲਾਈਨਮੈਨਾਂ ਤੇ ਪਰਚੇ ਕਰਨ ਅਤੇ 24 ਸਹਾਇਕ ਲਾਈਨਮੈਨਾਂ ਨੂੰ ਜੇਲ੍ਹ ਭੇਜਣ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕਦੇ ਹੋਏ ਰੋਸ ਮੁਜਾਹਰਾ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈ ਟੀ ਆਈ ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਪਾਵਰਕਾਮ ਵਿੱਚ ਸੀ ਆਰ ਏ 295 ਤਹਿਤ ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਗਈ ਸੀ ਜਿਸ ਵਿੱਚ ਵਨ ਟਾਈਮ ਸੈਟਲਮੈਂਟ ਤਹਿਤ ਉਮੀਦਵਾਰਾਂ ਤੋ ਤਜਰਬਾ ਸਰਟੀਫਿਕੇਟ ਲਏ ਗਏ ਸਨ ਅਤੇ ਡਾਕੂਮੈਂਟ ਚੈਕਿੰਗ ਦੋਰਾਨ ਮੈਨੇਜਮੈਂਟ ਵਲੋਂ ਬਣਾਈ ਕਮੇਟੀ ਦੁਬਾਰਾ ਸਹੀ ਪਾਏ ਗਏ ਸਨ ਪਰ ਹੁਣ ਪੰਜਾਬ ਸਰਕਾਰ ਵਲੋਂ ਉਨ੍ਹਾਂ ਤਜਰਬਾ ਸਰਟੀਫਿਕੇਟਾਂ ਦੀ ਤਫਤੀਸ਼ ਦੀ ਆੜ ਵਿੱਚ ਡਿਊਟੀ ਕਰ ਰਹੇ ਸਹਾਇਕ ਲਾਈਨਮੈਨਾਂ ਤੇ ਪਰਚੇ ਕਰ ਦਿੱਤੇ ਹਨ ਅਤੇ 24 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਜਿਸ ਕਾਰਨ ਬਿਜਲੀ ਮੁਲਾਜਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਸਹਾਇਕ ਲਾਈਨਮੈਨਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ ਅਤੇ ਗ੍ਰਿਫ਼ਤਾਰ ਸਾਥੀਆਂ ਨੂੰ ਰਿਹਾਅ ਕਰਕੇ ਡਿਊਟੀ ਜੁਆਇਨ ਕਰਵਾਈ ਜਾਵੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਬਿਜਲੀ ਮੁਲਾਜ਼ਮ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਅਮ੍ਰਿੰਤ ਸਿੰਘ ਭੜੋਂ ਪ੍ਰਧਾਨ, ਗੁਰਇਕਬਾਲ ਸਿੰਘ ਪ੍ਰਧਾਨ, ਲਖਵਿੰਦਰ ਸਿੰਘ, ਹਾਕਮ ਦਾਸ, ਹਰਮੇਸ ਸਿੰਘ, ਦਵਿੰਦਰ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ ਹਰਵਿੰਦਰ ਸਿੰਘ, ਮਨਿੰਦਰ ਸਿੰਘ, ਮਨਦੀਪ ਸਿੰਘ ਆਦਿ ਸਾਥੀ ਹਾਜਰ ਸਨ।
ਫੋਟੋ-
ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕ ਰੋਸ ਮੁਜਾਹਰਾ ਕਰਦੇ ਹੋਏ।