ਆਮ ਆਦਮੀ ਪਾਰਟੀ ਭਵਾਨੀਗੜ੍ਹ ਦੇ ਸਰਕਲ ਪ੍ਰਧਾਨ ਵਿਕਰਮਜੀਤ ਸਿੰਘ ਵਾਸੀ ਨਕਟੇ ਸਮੇਤ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਨਦਾਮਪੁਰ ‘ਤੇ ਕਥਿਤ ਰੂਪ ਵਿੱਚ 2 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਭਵਾਨੀਗੜ੍ਹ, 9 ਮਾਰਚ (ਕ੍ਰਿਸ਼ਨ ਚੌਹਾਨ )- ਪਿੰਡ ਨਕਟੇ ਦੇ ਰਹਿਣ ਵਾਲੇ ਮਲਕੀਤ ਸਿੰਘ ਪੱਤਰ ਸ਼ਿੰਗਾਰਾ ਸਿੰਘ ਨੇ ਜਿਲਾ ਪੁਲਸ ਮੁਖੀ ਸੰਗਰੂਰ ਨੂੰ ਇੱਕ ਦਰਖਾਸਤ ਦੇ ਕੇ ਸੰਗਰੂਰ ਤੋੰ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਨੇੜਲੇ ਆਮ ਆਦਮੀ ਪਾਰਟੀ ਭਵਾਨੀਗੜ੍ਹ ਦੇ ਸਰਕਲ ਪ੍ਰਧਾਨ ਵਿਕਰਮਜੀਤ ਸਿੰਘ ਵਾਸੀ ਨਕਟੇ ਸਮੇਤ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਨਦਾਮਪੁਰ ‘ਤੇ ਕਥਿਤ ਰੂਪ ਵਿੱਚ 2 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਮਸਲੇ ਸਬੰਧੀ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਮਲਕੀਤ ਸਿੰਘ ਨੇ ਐੱਸ.ਐੱਸ.ਪੀ. ਸੰਗਰੂਰ ਨੂੰ ਦਿੱਤੀ ਸ਼ਿਕਾਇਤ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਉਸਦੇ ਵੱਡੇ ਭਰਾ ਗੁਰਮੀਤ ਸਿੰਘ ਦੇ ਖਿਲਾਫ਼ ਰਾਜਸਥਾਨ ਦੇ ਕੋਟਾ ਜਿਲੇ ਦੇ ਥਾਣਾ ਮੰਡਾਨਾ ਵਿਖੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਹੈ। ਜਿਸ ਸਬੰਧੀ ਬੀਤੀ 24 ਫਰਵਰੀ ਨੂੰ ਰਾਜਸਥਾਨ ਪੁਲਸ ਉਸਦੇ ਭਰਾ ਗੁਰਮੀਤ ਸਿੰਘ ਨੂੰ ਫੜਨ ਲਈ ਭਵਾਨੀਗੜ੍ਹ ਆਈ ਸੀ ਤੇ ਉਸੇ ਦਿਨ ਸ਼ਾਮ ਨੂੰ ਉਕਤ ਵਿਕਰਮਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਸਨੂੰ ਮਿਲੇ ਸਨ ਅਤੇ ਉਕਤ ਦੋਵਾਂ ਨੇ ਉਸਦੇ ਭਰਾ ਨੂੰ ਮੁਕੱਦਮੇ ‘ਚੋੰ ਕਢਵਾਉਣ ਦੀ ਗੱਲ ਕਹੀ ਸੀ। ਮਲਕੀਤ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਨੇ ਉਸ ਕੋਲੋੰ ਵਿਕਰਮਜੀਤ ਦੀ ਸਵਿਫਟ ਕਾਰ ਵਿੱਚ ਇੱਕ ਹਜ਼ਾਰ ਰੁਪਏ ਦਾ ਤੇਲ ਪਵਾਇਆ ਅਤੇ ਉਸੇ ਦਰਮਿਆਨੀ ਰਾਤ ਅਸੀਂ ਸਾਰੇ ਸ਼ਹਿਰ ਨੇੜੇ ਇੱਕ ਢਾਬੇ ‘ਤੇ ਗਏ ਜਿੱਥੇ ਉਕਤ ਦੋਵੇਂ ਵਿਅਕਤੀਆਂ ਨੇ ਉਸਦੇ ਭਰਾ ਨੂੰ ਕੇਸ ‘ਚੋੰ ਕਢਵਾਉਣ ਲਈ ਕਥਿਤ ਰੂਪ ਵਿੱਚ 3 ਲੱਖ ਰੁਪਏ ਦੀ ਮੰਗ ਕੀਤੀ ਪਰੰਤੂ ਗੱਲ 2 ਲੱਖ ਰੁਪਏ ‘ਚ ਪੱਕੀ ਹੋ ਗਈ ਜਿਸ ਉਪਰੰਤ ਉਹ ਆਪਣੀ ਭਰਜਾਈ ਤੋੰ 2 ਲੱਖ ਰੁਪਏ ਲੈ ਕੇ ਉਕਤ ਵਿਅਕਤੀਆਂ ਨੂੰ ਵੱਖਰੇ ਢਾਬੇ ‘ਤੇ ਮਿਲਿਆ ਤੇ ਚੰਨੋੰ ਵੱਲ ਲਿਜਾ ਕੇ ਉਸ ਕੋਲੋੰ 2 ਲੱਖ ਰੁਪਏ ਤੋੰ ਇਲਾਵਾ ਉਸਦਾ ਮੋਬਾਇਲ ਫੋਨ ਵੀ ਲੈ ਲਿਆ ਤੇ ਭਰੋਸਾ ਦਿਵਾਇਆ ਕਿ ਉਹ ਉਸਦੇ ਭਰਾ ਨੂੰ ਰਾਜਸਥਾਨ ਵਿਖੇ ਚੱਲਦੇ ਮੁਕੱਦਮੇ ‘ਚੋੰ ਕੱਢਵਾ ਦੇਣਗੇ। ਬਾਅਦ ਵਿੱਚ ਉਕਤ ਵਿਅਕਤੀ ਉਸਨੂੰ ਭਵਾਨੀਗੜ੍ਹ ਥਾਣੇ ਨੇੜੇ ਉਤਾਰ ਕੇ ਰਾਜਸਥਾਨ ਪੁਲਸ ਨਾਲ ਗੱਲਬਾਤ ਕਰਨ ਸਬੰਧੀ ਕਹਿ ਵਾਪਸ ਨਹੀੰ ਆਏ। ਮਲਕੀਤ ਸਿੰਘ ਨੇ ਦੱਸਿਆ ਕਿ ਅਗਲੀ ਸਵੇਰ ਜਦੋੰ ਉਸਦੇ ਵੱਲੋੰ ਗੱਲਬਾਤ ਕਰਨੀ ਚਾਹੀ ਤਾਂ ਉਕਤ ਵਿਅਕਤੀਆਂ ਨੇ ਕੋਈ ਰਾਹ ਨਾ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਕਰਮਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਧੋਖਾਦੇਹੀ ਦੀ ਨੀਅਤ ਨਾਲ 2 ਲੱਖ ਰੁਪਏ ਲੈ ਕੇ ਉਸਦੇ ਭਰਾ ਗੁਰਮੀਤ ਸਿੰਘ ਨੂੰ ਮੁਕੱਦਮੇ ‘ਚੋੰ ਨਹੀੰ ਕਢਵਾਇਆ ਤੇ ਨਾ ਹੀ ਉਸਦੇ 2 ਲੱਖ ਰੁਪਏ ਤੇ ਫੋਨ ਵਾਪਸ ਕੀਤਾ। ਜਿਸ ਸਬੰਧੀ ਉਸਨੇ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਉਕਤ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਓਧਰ, ਮਸਲੇ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਬੰਧਤ ਵਿਅਕਤੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਕਤ ਵਿਅਕਤੀਆਂ ਦੇ ਫੋਨ ਲਗਾਤਾਰ ਬੰਦ ਮਿਲੇ ਜਦੋਂਕਿ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਫੋਨ ਚੁੱਕਣਾ ਮੁਨਾਸਿਬ ਨਹੀੰ ਸਮਝਿਆ।

error: Content is protected !!