ਭਵਾਨੀਗੜ੍ਹ ’ਚ ਕਾਂਗਰਸ ਨੂੰ ਵੱਡਾ ਝਟਕਾ ਕਾਂਗਰਸੀ ਆਗੂ ਜਸਵੀਰ ਕੌਰ ਦਰਜ਼ਨਾਂ ਆਗੂਆਂ ਸਮੇਤ ਭਾਜਪਾ ’ਚ ਸ਼ਾਮਿਲ

ਭਵਾਨੀਗੜ੍ਹ, 2 ਮਾਰਚ (ਗੁਰਦੀਪ ਸਿਮਰ )-ਅੱਜ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਭਵਾਨੀਗੜ੍ਹ ਤੋਂ ਪਾਰਟੀ ਦੀ ਸਰਗਰਮ ਆਗੂ ਜਸਵੀਰ ਕੌਰ ਨੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਹੋਰ ਵੀ ਆਗੂ ਮੌਜ਼ੂਦ ਸਨ। ਖੰਨਾ ਨੇ ਉਨ੍ਹਾਂ ਦਾ ਭਾਜਪਾ ਵਿੱਚ ਆਉਣ ’ਤੇ ਸਵਾਗਤ ਕੀਤਾ। ਇਹ ਪ੍ਰੋਗਰਾਮ ਬੀਬੀ ਕਰਮਜੀਤ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ।
ਆਪਣੇ ਸੰਬੋਧਨ ਵਿੱਚ ਸ੍ਰੀ ਅਰਵਿੰਦ ਖੰਨਾ ਨੇ ਆਖਿਆ ਕਿ ਹੋਰਨਾਂ ਰਾਜਾਂ ਦੇ ਨਾਲ ਨਾਲ ਪੰਜਾਬ ਵਿੱਚ ਕਾਂਗਰਸ ਦਾ ਬੇੜਾ ਡੁੱਬ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਕਦੇ ਵੀ ਲੋਕਾਂ ਦਾ ਭਲਾ ਨਹੀਂ ਕੀਤਾ, ਸਗੋਂ ਭ੍ਰਿਸ਼ਟਾਚਾਰ ਕਰਕੇ ਆਪਣਾ ਖਜ਼ਾਨਾ ਭਰਿਆ ਹੈ। ਸਮੁੱਚੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਕਾਰ ਵਧ ਰਿਹਾ ਹੈ ਅਤੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਮੁੱਚੇ ਦੇਸ਼ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾਏਗੀ ਅਤੇ ਨਾਲ ਨਾਲ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਇਤਿਹਾਸ ਬਣਾਏਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਵੀ ਭਾਜਪਾ ਪਰਿਵਾਰ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਅਸੀਂ ਭੈਣ ਜਸਵੀਰ ਕੌਰ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦੇ ਹਾਂ ਅਤੇ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਰਕਾਰ ਬਣਨ ਉਪਰੰਤ ਭਾਜਪਾ ਨਾਲ ਖੜ੍ਹਣ ਵਾਲਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਬੀਬੀ ਜਸਵੀਰ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ ਜਿਸ ਕਾਰਨ ਵਰਕਰਾਂ ਵਿੱਚ ਨਮੋਸ਼ੀ ਦੀ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਰਵਿੰਦ ਖੰਨਾ ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਦੀਆਂ ਗਤੀਵਿਧੀਆਂ ਬਹੁਤ ਹੀ ਠੋਸ ਤਰੀਕੇ ਨਾਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਭਾਜਪਾ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾ ਕੇ ਦਮ ਲਵਾਂਗੇ। ਉਨ੍ਹਾਂ ਦੇ ਨਾਲ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਬੀਬੀ ਬਲਵਿੰਦਰ ਕੌਰ, ਬਲਵੀਰ ਸਿੰਘ, ਸੋਨੂੰ ਰਾਣੀ, ਪਰਮਜੀਤ ਕੌਰ, ਇੰਦਰਜੀਤ ਕੌਰ, ਛੱਜੂ ਸਿੰਘ, ਕਿਰਨਾ ਰਾਣੀ, ਜਸਪਾਲ ਕੌਰ ਦੇ ਨਾਂਅ ਸ਼ਾਮਿਲ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਕਪਿਲ ਦੇਵ ਗਰਗ, ਨਰਿੰਦਰ ਕੁਮਾਰ ਸ਼ੈਲੀ ਪ੍ਰਧਾਨ ਭਾਜਪਾ ਸਰਕਲ ਭਵਾਨੀਗੜ੍ਹ, ਮੁਕੇਸ਼ ਚੌਧਰੀ ਉਪ ਪ੍ਰਧਾਨ ਸਰਕਲ ਭਵਾਨੀਗੜ੍ਹ, ਵਿਪਿਨ ਕੁਮਾਰ ਸ਼ਰਮਾ, ਇੰਦਰ ਸਿੰਘ ਸਕੱਤਰ ਜ਼ਿਲ੍ਹਾ ਭਾਜਪਾ, ਸੁਸ਼ਾਂਤ ਗਰਗ, ਜਨਰਲ ਸਕੱਤਰ ਭਾਜਪਾ ਸੰਗਰੂਰ, ਧਰਮਿੰਦਰ ਸਿੰਘ ਦੁੱਲਟ ਜਨਰਲ ਸਕੱਤਰ ਭਾਜਪਾ ਸੰਗਰੂਰ ਵੀ ਸ਼ਾਮਿਲ ਸਨ।
ਫੋਟੋ-

ਭਵਾਨੀਗੜ੍ਹ ਵਿਖੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਸਨਮਾਨਤ ਕਰਦੇ ਹੋਏ।