ਭਵਾਨੀਗੜ੍ਹ, (ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ) : ਪੰਜਾਬ ਸਰਕਾਰ ਵੱਲੋਂ ਰਾਸ਼ਨ ਡਿਪੂਆਂ ‘ਤੇ ਗਰੀਬ ਲੋਕਾਂ ਨੂੰ ਪਹਿਲਾਂ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਲਾਟ ਕੀਤੀ ਜਾਂਦੀ ਕਣਕ, ਜੋ ਹੁਣ ਮੁਫ਼ਤ ‘ਚ ਵੰਡੀ ਜਾਣੀ ਹੈ, ਦੇ ਕੋਟੇ ‘ਚ 20 ਤੋਂ 30 ਫ਼ੀਸਦੀ ਦੀ ਕਟੌਤੀ ਕਰਨ ਕਾਰਨ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਲੈਣ ਲਈ ਦਰ-ਦਰ ਭਟਕਣਾ ਪੈ ਰਿਹਾ ਹੈ। ਸ਼ਹਿਰ ‘ਚ ਇਸ ਸਮੱਸਿਆ ਨਾਲ ਜੂਝ ਰਹੇ ਵੱਡੀ ਗਿਣਤੀ ‘ਚ ਇਕੱਤਰ ਹੋਏ ਪੀੜਤ ਲੋਕਾਂ ਨੇ ਮੁੱਖ ਮਾਰਗ ਤੇ ਜਾਮ ਲਗਾ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਿੰਨਾਂ ਨੇ ਸ਼ਹਿਰ ਦੀ ਅਨਾਜ ਮੰਡੀ ਨੇੜੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਧਰਨਾ ਦੇ ਕੇ ਦੋਵੇਂ ਪਾਸਿਆਂ ਤੋਂ ਸੜਕ ਨੂੰ ਜਾਮ ਕਰ ਦਿੱਤਾ। ਦੂਜੇ ਪਾਸੇ ਲੋਕਾਂ ਵੱਲੋਂ ਹਾਈਵੇ ਜਾਮ ਕਰਨ ਦੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਤੇ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਲੋਕਾਂ ਨੂੰ ਸੜਕ ਜਾਮ ਨਾ ਕਰਨ ਦੀ ਅਪੀਲ ਕਰਦੇ ਰਹੇ ਪਰ ਭੜਕੇ ਲੋਕਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਤੇ ਲੋਕਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਮਰੇਡ ਸ਼ਿੰਗਾਰਾ ਸਿੰਘ ਤੋਂ ਇਲਾਵਾ ਰਣਜੀਤ ਕੌਰ, ਮਨਪ੍ਰੀਤ ਕੌਰ, ਸ਼ਰਨਜੀਤ ਕੌਰ ਸਮੇਤ ਕੁਲਵਿੰਦਰ ਸਿੰਘ, ਬਲਦੇਵ ਸਿੰਘ, ਕ੍ਰਿਸ਼ਨ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫਤੇ ਤੋਂ ਕਣਕ ਦੀ ਪਰਚੀ ਲੈਣ ਲਈ ਡਿਪੂ ਹੋਲਡਰ ਕੋਲ ਚੱਕਰ ਲਾ ਰਹੇ ਹਨ ਪਰ ਡਿਪੂ ਹੋਲਡਰਾਂ ਵੱਲੋਂ ਪਰਚੀ ਕੱਟਣ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਕੁੱਝ ਰਸੂਖਦਾਰ ਲੋਕਾਂ ਨੇ ਵੀ ਗ਼ਲਤ ਢੰਗ ਤਰੀਕੇ ਨਾਲ ਆਪਣੇ ਰਾਸ਼ਨ ਕਾਰਡ ਬਣਵਾ ਰੱਖੇ ਹਨ ਤੇ ਡਿਪੂ ਹੋਲਡਰ ਵੀ ਉਨ੍ਹਾਂ ਨੂੰ ਖ਼ੁਦ ਬੁਲਾ ਕੇ ਪਰਚੀ ਕੱਟਣ ਦੇ ਨਾਲ-ਨਾਲ ਉਨ੍ਹਾਂ ਨੂੰ ਅਨਾਜ ਵੀ ਦੇ ਦਿੰਦੇ ਹਨ।
ਇਸ ਸਬੰਧੀ ਪੁੱਛਣ ‘ਤੇ ਡਿਪੂ ਹੋਲਡਰ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਲੋਕਾਂ ਨੇ ਕਿਹਾ ਕਿ ਗਰੀਬ ਲੋਕਾਂ ਦੀ ਸਮੱਸਿਆ ਨੂੰ ਨਾ ਹੀ ਸਬੰਧਿਤ ਵਿਭਾਗ ਦੇ ਅਧਿਕਾਰੀ ਸੁਣ ਰਹੇ ਹਨ ਤੇ ਨਾ ਹੀ ਸਰਕਾਰ ‘ਚ ਲੋਕਾਂ ਵੱਲੋਂ ਚੁਣ ਕੇ ਭੇਜੇ ਨੁਮਾਇੰਦੇ ਹੀ ਉਨ੍ਹਾਂ ਦੀ ਸਾਰ ਲੈ ਰਹੇ ਹਨ। ਜਿਸ ਕਾਰਨ ਅੱਜ ਉਨ੍ਹਾਂ ਨੂੰ ਹਾਈਵੇ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਹਾਈਵੇ ਜਾਮ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨ ਝੱਲਣੀ ਪਈ। ਪੁਲਸ ਦੇ ਨਾਲ-ਨਾਲ ਵਾਹਨ ਚਾਲਕ ਵੀ ਪ੍ਰਦਰਸ਼ਨਕਾਰੀਆਂ ਨੂੰ ਆਵਾਜਾਈ ਬਹਾਲ ਕਰਨ ਦੀ ਅਪੀਲ ਕਰਦੇ ਰਹੇ ਪਰ ਉਹ ਸ਼ਾਂਤ ਨਾ ਹੋਏ। ਬਾਅਦ ਵਿੱਚ ਪੁਲਸ ਵੱਲੋਂ ਕਿਸੇ ਤਰ੍ਹਾਂ ਸਮਝਾਉਣ ‘ਤੇ ਹਾਈਵੇ ਤੋਂ ਉੱਠ ਕੇ ਲੋਕਾਂ ਨੇ ਫੂਡ ਸਪਲਾਈ ਦਫ਼ਤਰ ਵੱਲ ਰੁਖ ਕੀਤਾ, ਜਿੱਥੇ ਲੋਕਾਂ ਨੇ ਫੂਡ ਸਪਲਾਈ ਦਫ਼ਤਰ ਭਵਾਨੀਗੜ੍ਹ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਤੇ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਫੂਡ ਸਪਲਾਈ ਅਧਿਕਾਰੀ ਦੇ ਭਰੋਸੇ ‘ਤੇ ਸ਼ਾਂਤ ਹੋਏ ਲੋਕ
ਦਫ਼ਤਰ ਅੱਗੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਸ਼ ਮਿੱਤਲ ਨੇ ਭਰੋਸਾ ਦਿਵਾਉਂਦਿਆ ਕਿਹਾ ਕਿ ਵਿਭਾਗ ਕੋਲ ਮੌਜੂਦ ਈ-ਪੋਜ਼ 10 ਮਸ਼ੀਨਾਂ ‘ਚੋਂ 4 ਖ਼ਰਾਬ ਹਨ, ਜਿਨ੍ਹਾਂ ਨੂੰ ਮੁਰੰਮਤ ਲਈ ਚੰਡੀਗੜ੍ਹ ਭੇਜਿਆ ਗਿਆ ਹੈ। ਮਸ਼ੀਨਾਂ ਦੇ ਆਉਂਦਿਆਂ ਹੀ ਕੱਲ੍ਹ ਜਾਂ ਆਉਣ ਵਾਲੇ ਦਿਨਾਂ ਤੋਂ ਕਣਕ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਜਾਵੇਗੀ। ਅਧਿਕਾਰੀ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਸ਼ਾਂਤ ਹੁੰਦਿਆਂ ਆਪਣਾ ਧਰਨਾ ਸਮਾਪਤ ਕੀਤਾ।