ਭਵਾਨੀਗੜ੍ਹ (ਬਲਵਿੰਦਰ ਬਾਲੀ): ਸਥਾਨਕ ਇਲਾਕੇ ‘ਚ ਸਰਗਰਮ ਬੇਖੋਫ਼ ਗਿਰੋਹ ਵੱਲੋਂ ਬੀਤੀ ਦੇਰ ਰਾਤ ਸ਼ਹਿਰ ’ਚੋਂ ਲੰਘਦੀ ਨੈਸ਼ਨਲ ਹਾਈਵੇ ਨੰਬਰ 7 ਦੀ ਸੰਗਰੂਰ ਰੋਡ ਸਥਿਤ ਸਰਵਿਸ ਰੋਡ ਤੋਂ ਡੇਢ ਦਰਜਨ ਦੇ ਕਰੀਬ ਦੁਕਾਨਾਂ ਦੇ ਬਾਹਰ ਨਿਗਰਾਨੀ ਲਈ ਲੱਗੇ ਸੀ.ਸੀ.ਟੀ.ਵੀ ਕੈਮਰੇ ਚੋਰੀ ਕਰ ਲਏ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੌਜੀ ਬੇਕਰੀ ਹਾਊਸ ਦੇ ਮਾਲਕ ਮਨਦੀਪ ਸਿੰਘ ਅਤੇ ਘੁਮਾਣ ਮੈਡੀਕਲ ਦੇ ਮਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਸੰਗਰੂਰ ਰੋਡ ਉੱਪਰ ਸਰਵਿਸ ਰੋਡ ‘ਤੇ ਸਥਿਤ ਹਨ ਅਤੇ ਬੀਤੀ ਦੇਰ ਰਾਤ ਕਰੀਬ 11 ਵਜੇ ਇਕ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ 4 ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਨਿਗਰਾਨੀ ਲਈ ਲੱਗੇ ਸੀ.ਸੀ.ਟੀ.ਵੀ ਕੈਮਰੇ ਉਤਾਰ ਕੇ ਲੈ ਗਏ। ਇਸ ਸਬੰਧੀ ਮਾਰਕਿਟ ‘ਚ ਰੋਲਾ ਪੈਣ ਤੇ ਜਦੋਂ ਹੋਰ ਕਈ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਮਾਰਕੀਟ ‘ਚੋਂ ਤਕਰੀਬਨ ਡੇਢ ਦਰਜਨ ਦੁਕਾਨਾਂ ਦੇ ਬਾਹਰ ਲੱਗੇ ਕੈਮਰੇ ਗਾਇਬ ਸਨ। ਜਿਸ ਤੋਂ ਬਾਅਦ ਸ਼ਹਿਰ ’ਚ ਦੁਕਾਨਦਾਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ’ਚ ਆਏ ਇਨ੍ਹਾਂ ਬੇਖੋਫ਼ ਨਕਾਬਪੋਸ਼ ਵਿਅਕਤੀਆਂ ਨੇ ਰਾਤ ਦੇ ਕਰੀਬ 11 ਵਜੇਂ ਤੋਂ 11:45 ਵਜੇ ਤਕ ਲਗਾਤਾਰ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਕਤ ਗਿਰੋਹ ਨੂੰ ਕਾਨੂੰਨ ਦਾ ਕੋਈ ਡਰ ਭੈਅ ਨਹੀਂ ਹੈ। ਦੁਕਾਨਦਾਰਾਂ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਗਿਰੋਹ ਵੱਲੋਂ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੋਰੀ ਕਰਨ ਦੀ ਘਟਨਾ ਤੋਂ ਇੰਝ ਲਗਦਾ ਹੈ ਕਿ ਗਿਰੋਹ ਸ਼ਹਿਰ ’ਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਤਾਕ ਹੈ। ਦੁਕਾਨਦਾਰਾਂ ਨੇ ਇਹ ਵੀ ਰੋਸ ਜਾਹਿਰ ਕੀਤਾ ਕਿ ਸ਼ਹਿਰ ਦੀ ਹਾਈਵੇ ਉੱਪਰ ਲੱਗੀਆਂ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਇੱਥੇ ਪਹਿਲਾਂ ਹੀ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਜਿਸ ਦਾ ਫਾਇਦਾ ਚੁੱਕ ਕੇ ਇਹ ਚੋਰ ਗਿਰੋਹ ਕਿਸੇ ਵੀ ਸਮੇਂ ਮਾਰਕੀਟ ’ਚ ਚੋਰੀ ਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ ਤੇ ਇਸ ਗਿਰੋਹ ਨੂੰ ਜਲਦ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਦੁਕਾਨਦਾਰਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਹਾਈਵੇ ਉਪਰ ਲੱਗੀਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾਉਣ ਦੇ ਨਾਲ ਨਾਲ ਹਾਈਵੇ ਦੀ ਦੋਵੇ ਸਾਈਡਾਂ ਉੱਪਰ ਸਰਵਿਸ ਰੋਡ ਉਪਰ ਨਗਰ ਕੌਂਸਲ ਵੱਲੋਂ ਸ਼ਹਿਰੀ ਸਟਰੀਟ ਲਾਈਟਾਂ ਲਗਵਾਈਆਂ ਜਾਣ। ਇਹ ਖ਼ਬਰ ਵੀ ਪੜ੍ਹੋ – ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ ਮਾਨ ਸਰਕਾਰ, ਸਵਾ ਤਿੰਨ ਕਰੋੜ ਰੁਪਏ ਜਾਰੀ। ਇਸ ਸਬੰਧੀ ਸਬ ਡਵੀਜ਼ਨ ਦੇ ਡੀ. ਐੱਸ. ਪੀ ਮੋਹਿਤ ਅਗਰਵਾਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਜਿਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ।