ਸੁਨਾਮ ਤੋਂ ਵੱਡੀ ਖਬਰ ,ਅਗੀਠੀ ਜਲਾ ਸੁੱਤੇ ਪੰਜ ਵਿਅਕਤੀਆਂ ਦੀ ਦਮ ਘੁਟਣ ਕਾਰਨ ਮੌਤ।

ਸੁਨਾਮ ਊਧਮ ਸਿੰਘ ਵਾਲਾ (ਬਲਵਿੰਦਰ ) –  ਨਜ਼ਦੀਕੀ ਪਿੰਡ ਛਾਹੜ ਦੇ 1 ਸ਼ੈਲਰ ‘ਚ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ 1 ਨੂੰ ਗੰਭੀਰ ਹਾਲਤ ਹੋਣ ਦੇ ਚੱਲਦਿਆਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣ ਦੇ ਚੱਲਦਿਆਂ ਹੋਈ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸ਼ੈੱਲਰ ਮਾਲਕ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਫ਼ੋਨ ਆਇਆ ਕੀ ਲੇਵਰ ਉੱਠ ਨਹੀਂ ਰਹੀ। ਇਸ ‘ਤੇ ਉਨ੍ਹਾਂ ਕਿਹਾ ਕਿ ਮੁੜ ਤੋਂ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਪਰ ਜਦੋਂ ਦੁਬਾਰਾ ਕੋਸ਼ਿਸ਼ ਕਰਨ ‘ਤੇ ਵੀ ਉਹ ਨਹੀਂ ਉੱਠੇ ਤਾਂ ਉਨ੍ਹਾਂ ਨੇ ਗੇਟ ਨੂੰ ਤੋੜਨ ਲਈ ਕਿਹਾ। ਜਿਵੇਂ ਹੀ ਦਰਵਾਜ਼ਾ ਤੋੜਿਆ ਗਿਆ ਤਾਂ ਕਮਰੇ ‘ਚੋਂ ਇਕ ਦਮ ਧੂੰਆਂ ਬਾਹਰ ਨਿਕਲਿਆ। ਜਿਸ ਦੌਰਾਨ ਜਦੋਂ ਉਕਤ ਵਿਅਕਤੀਆਂ ਨੇ ਅੰਦਰ ਜਾ ਕੇ ਦੇਖਿਆ ਤਾਂ 5 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ ਪਰ ਇੱਕ ਮਜ਼ਦੂਰ ਦੇ ਸਾਹ ਚੱਲ ਰਹੇ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਤੁਰੰਤ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਇਸ ਦੀ ਜਾਣਕਾਰੀ ਸਥਾਨਕ ਥਾਣੇ ‘ਚ ਦਿੱਤੀ।
ਇਸ ਸਬੰਧੀ ਗੱਲ ਕਰਦਿਆਂ ਮਜ਼ਦੂਰਾਂ ਦੇ ਠੇਕੇਦਾਰ ਨੇ ਦੱਸਿਆ ਕਿ ਉਕਤ ਮ੍ਰਿਤਕ ਮਜ਼ਦੂਰ ਦੇ ਤੌਰ ‘ਤੇ ਕੰਮ ਕਰਦੇ ਸਨ ਅਤੇ ਬਿਹਾਰ ਤੋਂ ਆਏ ਹੋਏ ਸਨ। ਬੀਤੀ ਰਾਤ ਉਕਤ ਮਜ਼ਦੂਰ ਜਦੋਂ ਸੁੱਤੇ ਤਾਂ ਉਨ੍ਹਾਂ ਨੇ ਕੋਲ ਅੰਗੀਠੀ ਬਾਲੀ ਹੋਈ ਸੀ। ਜਦੋਂ ਸਵੇਰੇ ਉਨ੍ਹਾਂ ਮਜ਼ਦੂਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਉੱਠਿਆਂ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਦਰਵਾਜ਼ਾ ਤੋੜਿਆ ਗਿਆ। ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ 5 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ ਤੇ ਇਕ ਦੀ ਹਾਲਤ ਗੰਭੀਰ ਸੀ। ਉਨ੍ਹਾਂ ਨੇ ਕਿਹਾ ਕਿ ਇੰਝ ਲਗਦਾ ਹੈ ਜਿਵੇਂ ਅੰਗੀਠੀ ਦੇ ਧੂੰਏਂ ਦੀ ਚੜ੍ਹਣ ਨਾਲ ਇਨ੍ਹਾਂ ਦਾ ਦਮ ਘੁਟ ਗਿਆ ਤੇ ਉਕਤ ਮਜ਼ਦੂਰਾਂ ਦੀ ਮੌਤ ਹੋਈ ਹੈ।ਠੇਕੇਦਾਰ ਨੇ ਦੱਸਿਆ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਸਭ ਜਲਦ ਹੀ ਮੌਕੇ ‘ਤੇ ਪਹੁੰਚ ਜਾਣਗੇ। ਠੇਕੇਦਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਕਤ ਮ੍ਰਿਤਕਾਂ ਦੀ ਪਛਾਣ ਸਤਨਾਰਾਇਣ, ਸਚਿਨ, ਕਰਨ ,ਰਾਧੇ, ਅਨੰਤ ਕੁਮਾਰ ਵਜੋਂ ਹੋਈ ਹੈ ਜਦਕਿ ਰੁਧਰ ਜ਼ੇਰੇ ਇਲਾਜ ਹੈ।  ਇਸ ਸਬੰਧੀ ਥਾਣਾ ਮੁਖੀ ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਸ ਸਬੰਧੀ ਸੀਨੀਅਰ ਅਫ਼ਸਰ ਅਤੇ ਫਰਾਂਸਿਕ ਟੀਮ ਦੇ ਆਉਣ ਤੋਂ ਬਾਅਦ ਜਾਂਚ ਕੀਤੇ ਜਾਣ ਤੋਂ ਬਾਅਦ ਜਾਣਕਾਰੀ ਦਿੱਤੀ ਜਾਵੇਗੀ।