ਸਾਈਬਰ ਠੱਗਾਂ ਨੇ ਅਪਨਾਇਆ ਅਨੋਖਾ ਢੰਗ 96 ਹਜਾਰ ਦਾ ਲਾਇਆ ਚੂਨਾਂ,ਮਾਮਲਾ ਦਰਜ

ਭਵਾਨੀਗੜ੍ਹ (ਬਲਵਿੰਦਰ ਬਾਲੀ ) – ਸ਼ਾਤਰ ਠੱਗਾਂ ਨੇ ਸ਼ਹਿਰ ਦੇ ਇੱਕ ਵਿਅਕਤੀ ਨੂੰ ਅਨੋਖੇ ਢੰਗ ਨਾਲ ਠੱਗੀ ਦਾ ਸ਼ਿਕਾਰ ਬਣਾਉਂਦਿਆ ਉਸ ਨੂੰ ਕਰੀਬ 96 ਹਜ਼ਾਰ ਰੁਪਏ ਦਾ ਚੂਨਾ ਲਾ ਦਿੱਤਾ। ਕਰੀਬ ਸਵਾ ਦੋ ਸਾਲ ਪੁਰਾਣੀ ਦੱਸੀ ਜਾ ਰਹੀ ਇਸ ਠੱਗੀ ਦੀ ਘਟਨਾ ਨੂੰ ਲੈ ਕੇ ਹੁਣ ਭਵਾਨੀਗੜ੍ਹ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਠੱਗੀ ਦਾ ਸ਼ਿਕਾਰ ਹੋਏ ਜਗਜੀਵਨ ਕੁਮਾਰ ਪੁੱਤਰ ਮਿਲਖੀ ਰਾਮ ਵਾਸੀ ਤੂਰ ਪੱਤੀ ਭਵਾਨੀਗੜ੍ਹ ਨੇ ਪੁਲਸ ਦੇ ਸਾਈਬਰ ਸੈੱਲ ‘ਚ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ ਟੀਨਾ ਨਾਮ ਦੀ ਕੁੜੀ ਨਾਲ ਵਟਸਐਪ ਰਾਹੀਂ ਗੱਲ ਹੁੰਦੀ ਸੀ। ਗੱਲਬਾਤ ਦੌਰਾਨ ਉਕਤ ਕੁੜੀ ਨੇ ਕਿਹਾ ਕਿ ਉਹ ਉਸ ਨੂੰ ਵਿਦੇਸ਼ ਤੋਂ ਇੱਕ ਗਿਫਟ ਪਾਰਸਲ ਰਾਹੀਂ ਭੇਜ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਉਪਰੰਤ ਉਸਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਸਨੇ ਦੱਸਿਆ ਕਿ ਉਹ ਕਸਟਮ ਵਿਭਾਗ ਮੁੰਬਈ ਤੋਂ ਬੋਲ ਰਿਹਾ ਹੈ। ਵਿਅਕਤੀ ਨੇ ਆਖਿਆ ਕਿ ਤੁਹਾਡੇ ਨਾਮ ‘ਤੇ ਪਾਰਸਲ ਵਿਦੇਸ਼ ਤੋਂ ਆਇਆ ਹੈ, ਜਿਸ ਦੀ ਬਣਦੀ ਕਸਟਮ ਡਿਊਟੀ (ਫ਼ੀਸ) ਆਨਲਾਈਨ ਭਰਨੀ ਪਵੇਗੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਭਰੋਸੇ ‘ਚ ਆ ਕੇ ਉਸ ਦੇ ਵੱਲੋਂ 70 ਹਜ਼ਾਰ ਰੁਪਏ ਦੋ ਵੱਖ-ਵੱਖ ਖ਼ਾਤਿਆਂ ‘ਚ ਜਮ੍ਹਾਂ ਕਰਵਾ ਦਿੱਤੇ। ਦੂਜੀ ਵਾਰ 25 ਹਜ਼ਾਰ, 800 ਰੁਪਏ ਹੋਰ ਜਮ੍ਹਾਂ ਕਰਵਾ ਦਿੱਤੇ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਉਕਤ ਲੋਕਾਂ ਨਾਲ ਸਪੰਰਕ ਹੋਣਾ ਬੰਦ ਹੋ ਗਿਆ, ਜਿਸ ਮਗਰੋਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਨਾਲ 95 ਹਜ਼ਾਰ, 800 ਰੁਪਏ ਦੀ ਠੱਗੀ ਹੋ ਗਈ ਹੈ। ਓਧਰ, ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਠੱਗੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।