ਜੇਕਰ ਤੁਸੀਂ CNG ਵਾਹਨ ਚਲਾਉਂਦੇ ਹੋ ਤਾਂ ਤੁਹਾਡੀ ਜੇਬ ‘ਤੇ ਬੋਝ ਵਧਣ ਵਾਲਾ ਹੈ। ਅੱਜ ਤੋਂ ਦਿੱਲੀ ਵਿੱਚ CNG ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਹੁਣ ਦਿੱਲੀ ਵਿੱਚ ਸੀਐਨਜੀ ਦੀ ਕੀਮਤ 79.56 ਪ੍ਰਤੀ ਕਿਲੋਗ੍ਰਾਮ ਹੈ। ਇਹ ਨਵੀਆਂ ਦਰਾਂ 17 ਦਸੰਬਰ 2022 ਯਾਨੀ ਸ਼ਨੀਵਾਰ ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।
ਦਿੱਲੀ ‘ਚ ਅੱਜ ਤੋਂ CNG ਦੀ ਕੀਮਤ 95 ਪੈਸੇ ਪ੍ਰਤੀ ਕਿਲੋਗ੍ਰਾਮ (CNG Price Hike) ਵਧ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ ਸੀਐਨਜੀ 78.61 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ, ਜੋ ਹੁਣ ਵਧ ਕੇ 79.56 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਆਖਰੀ ਵਾਰ ਅਕਤੂਬਰ ਵਿੱਚ ਹੋਇਆ ਸੀ ਬਦਲਾਅ
ਇਸ ਤੋਂ ਪਹਿਲਾਂ ਸੀਐਨਜੀ ਦੀ ਕੀਮਤ ਵਿੱਚ ਬਦਲਾਅ 8 ਅਕਤੂਬਰ 2022 ਨੂੰ ਹੋਇਆ ਸੀ। ਅਕਤੂਬਰ ਵਿੱਚ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਉਦੋਂ ਦਿੱਲੀ ਵਿੱਚ ਸੀਐਨਜੀ ਦੀ ਕੀਮਤ 78.61 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ। ਇਸ ਦੇ ਨਾਲ ਹੀ ਗੁਰੂਗ੍ਰਾਮ ਵਿੱਚ ਸੀਐਨਜੀ ਦੀ ਕੀਮਤ 86.94 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਨੋਇਡਾ, ਗਾਜ਼ੀਆਬਾਦ ਵਿੱਚ ਸੀਐਨਜੀ ਦੀ ਕੀਮਤ 81.17 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
70% ਤੋਂ ਵੱਧ ਮਹਿੰਗੀ ਹੋਈ ਸੀਐਨਜੀ
ਰੇਟਿੰਗ ਏਜੰਸੀ ਇੰਕਰਾ ਨੇ ਹਾਲ ਹੀ ‘ਚ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਪਿਛਲੇ ਇਕ ਸਾਲ ‘ਚ CNG ਦੀਆਂ ਕੀਮਤਾਂ ‘ਚ ਕਰੀਬ 70 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਸਾਲ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ‘ਚ ਵਿੱਤੀ ਸਾਲ 2022-23 ‘ਚ ਵਪਾਰਕ ਵਾਹਨਾਂ ‘ਚ CNG ਦੀ ਵਰਤੋਂ 9 ਤੋਂ 10 ਫੀਸਦੀ ਤੱਕ ਘਟਾ ਦਿੱਤੀ ਗਈ ਹੈ, ਜਦੋਂ ਕਿ ਪਹਿਲਾਂ ਇਹ ਅਨੁਪਾਤ 16 ਫੀਸਦੀ ਸੀ। ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਘੱਟ ਅੰਤਰ ਹੋਣ ਕਾਰਨ ਹੁਣ ਲੋਕ ਸੀਐਨਜੀ ਵਾਹਨਾਂ ਦੀ ਥਾਂ ਡੀਜ਼ਲ ਵਾਲੇ ਵਾਹਨ ਲੈਣ ਨੂੰ ਤਰਜੀਹ ਦੇ ਰਹੇ ਹਨ।
ਪਿਛਲੇ 14 ਮਹੀਨਿਆਂ ਵਿੱਚ ਐਨੀ ਮਹਿੰਗੀ ਹੋਈ ਸੀਐਨਜੀ
ਸਾਲ 2021 ‘ਚ 1 ਅਕਤੂਬਰ ਨੂੰ ਰਾਜਧਾਨੀ ਦਿੱਲੀ ‘ਚ CNG 45.5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਸੀ। ਅੱਜ 17 ਦਸੰਬਰ 2022 ਨੂੰ ਸੀਐਨਜੀ 79.56 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਅਜਿਹੇ ‘ਚ 14 ਮਹੀਨਿਆਂ ਤੋਂ CNG ਦੀ ਕੀਮਤ ‘ਚ 34.06 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ‘ਚ ਪਿਛਲੇ 14 ਮਹੀਨਿਆਂ ‘ਚ CNG 73 ਫੀਸਦੀ ਤੋਂ ਜ਼ਿਆਦਾ ਮਹਿੰਗੀ ਹੋ ਗਈ ਹੈ। ਇਸ ਕਾਰਨ ਵਪਾਰਕ ਵਾਹਨ ਮਾਲਕਾਂ ਦਾ ਬਜਟ ਵਿਗੜ ਚੁੱਕਾ ਹੈ।
ਕਿਰੀਟ ਪਾਰਿਖ ਕਮੇਟੀ ਨੇ ਸਸਤੀ ਸੀਐਨਜੀ ਲਈ ਦਿੱਤੇ ਇਹ ਸੁਝਾਅ
ਗੈਸ ਦੀਆਂ ਕੀਮਤਾਂ ‘ਤੇ ਬਣੀ ਕਿਰੀਟ ਪਾਰੇਖ ਕਮੇਟੀ ਨੇ ਕੇਂਦਰ ਸਰਕਾਰ ਨੂੰ ਸੀਐਨਜੀ ‘ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਨੇ ਆਪਣੀਆਂ ਸਿਫ਼ਾਰਸ਼ਾਂ ਵਿੱਚ ਸਰਕਾਰ ਨੂੰ ਕਿਹਾ ਹੈ ਕਿ ਜਦੋਂ ਤੱਕ ਕੁਦਰਤੀ ਗੈਸ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਸਰਕਾਰ ਨੂੰ ਸੀਐਨਜੀ ‘ਤੇ ਘੱਟ ਐਕਸਾਈਜ਼ ਡਿਊਟੀ ਲਗਾਉਣੀ ਚਾਹੀਦੀ ਹੈ। ਇਸ ਨਾਲ ਲੋਕਾਂ ਨੂੰ ਮਹਿੰਗੀ ਸੀਐਨਜੀ ਤੋਂ ਰਾਹਤ ਮਿਲੇਗੀ।