ਜਲੰਧਰ –ਸੀ. ਆਈ. ਏ. ਸਟਾਫ਼-1 ਨੇ ਬਲਦੇਵ ਨਗਰ ਵਿਚ ਰੇਡ ਕਰਕੇ ਸਰਕਾਰੀ ਲਾਟਰੀ ਦੀ ਆੜ ਵਿਚ ਦੜਾ-ਸੱਟਾ ਲੁਆ ਰਹੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪ੍ਰਿੰਟਰ, ਲੈਪਟਾਪ ਅਤੇ 12 ਹਜ਼ਾਰ 120 ਰੁਪਏ ਕੈਸ਼ ਬਰਾਮਦ ਹੋਇਆ ਹੈ। ਕਾਬੂ ਮੁਲਜ਼ਮਾਂ ਦੀ ਪਛਾਣ ਰਵੀ ਕੁਮਾਰ ਉਰਫ਼ ਬੰਟੀ ਪੁੱਤਰ ਬਲਬੀਰ ਸਿੰਘ ਨਿਵਾਸੀ ਬਲਦੇਵ ਨਗਰ ਅਤੇ ਅਸ਼ੋਕ ਕੁਮਾਰ ਪੁੱਤਰ ਦੁਰਗਾ ਦਾਸ ਨਿਵਾਸੀ ਪ੍ਰਿਥਵੀ ਨਗਰ ਵਜੋਂ ਹੋਈ ਹੈ।
ਸੀ. ਆਈ. ਏ. ਸਟਾਫ਼ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਆਈ. ਤ੍ਰਿਲੋਚਨ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬਲਦੇਵ ਨਗਰ ਵਿਚ ਰੇਡ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਰਕਾਰੀ ਲਾਟਰੀ ਦੀ ਆੜ ਵਿਚ ਪ੍ਰਿੰਟਰ ਤੋਂ ਪਰਚੀ ਕੱਢ ਕੇ ਲੋਕਾਂ ਨੂੰ ਦੜਾ-ਸੱਟਾ ਖਿਡਵਾ ਕੇ ਉਨ੍ਹਾਂ ਨਾਲ ਠੱਗੀ ਮਾਰ ਰਹੇ ਸਨ। ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੀਮਾ ਚੌਂਕ ਨੇੜੇ ਵੀ ਸਰਕਾਰੀ ਲਾਟਰੀ ਦੀ ਆੜ ਵਿਚ ਦੜੇ-ਸੱਟੇ ਦਾ ਕਾਰੋਬਾਰ ਖੂਬ ਚਰਚਾ ਵਿਚ ਹੈ ਅਤੇ ਦੜਾ-ਸੱਟਾ ਲੁਆਉਣ ਵਾਲੇ ਸ਼ਰੇਆਮ ਦੁਕਾਨ ਦੇ ਅੰਦਰੋਂ ਸਾਰਾ ਨੈੱਟਵਰਕ ਚਲਾ ਰਹੇ ਹਨ ਪਰ ਪੁਲਸ ਅਣਜਾਣ ਹੈ।