ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ

ਜਲੰਧਰ, 8 ਜੁਲਾਈ (ਜਸਕੀਰਤ ਰਾਜਾ/ਪਰਮਜੀਤ ਪੰਮਾ/ਲਵਜੀਤ)

ਪੰਜਾਬ ਰਾਜ ਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਕੂਲ ਦੇ ਗੇਟ ਉੱਪਰ ਪੰਜਾਬ ਸਰਕਾਰ ਦੁਆਰਾ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਕਾਰਨ ਸਰਕਾਰ ਦਾ ਪੁਤਲਾ ਫ਼ੂਕ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਗਿਆ ।

ਮੈਰੀਟੋਰੀਅਸ ਸਕੂਲ ਦੇ ਮੁੱਖ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੀ ਆਵਾਜ਼ ਬੁਲੰਦ ਕੀਤੀ ।

ਜ਼ਿਕਰਯੋਗ ਹੈ ਕਿ ਸਾਲ 2014 ਵਿੱਚ ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਦੇਣ ਲਈ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 6 ਮੈਰੀਟੋਰੀਅਸ ਸਕੂਲ ਖ਼ੋਲੇ ਗਏ ਸਨ । ਇਹਨਾਂ ਸਕੂਲਾਂ ਦੀ ਗਿਣਤੀ ਹੁਣ 10 ਹੈ ।

ਇਹਨਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਿੱਖਿਆ ਵਿਭਾਗ ਦੇ ਸਾਰੇ ਨਿਯਮ ਅਤੇ ਸ਼ਰਤਾਂ ਨੂੰ ਲਾਗੂ ਕਰਕੇ ਵੀ ਠੇਕੇ (ਕੰਟਰੈਕਟ) ਉੱਤੇ ਕੀਤੀ ਜਾਂਦੀ ਹੈ,ਜਿਸ ਕਰਕੇ ਜਦੋਂ ਵੀ ਕੋਈ ਰੈਗੂਲਰ ਭਰਤੀ ਆਉਂਦੀ ਹੈ ਤਾਂ ਵੱਡੀ ਗਿਣਤੀ ਵਿੱਚ ਅਧਿਆਪਕ ਇਹਨਾਂ ਸਕੂਲਾਂ ਨੂੰ ਛੱਡ ਕੇ ਜਾਂਦੇ ਰਹੇ ਹਨ ।

ਸਾਲ 2018 ਵਿੱਚ ਜਦੋਂ ਪੰਜਾਬ ਸਰਕਾਰ ਵੱਲੋਂ ਐਸ.ਐਸ.ਏ./ ਰਮਸਾ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਗਿਆ ਸੀ ਤਾਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਪਸ਼ਨ ਦਿੱਤੀ ਗਈ ਸੀ ਪਰ ਇਸਦੇ ਬਾਵਜੂਦ ਵੀ ਇਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਵਿਚਾਰਿਆ ਨਹੀਂ ਗਿਆ ।

ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਪਿਛਲੇ ਸਮੇਂ ਪੰਜਾਬ ਸਰਕਾਰ ਦੇ ਵੱਖ ਵੱਖ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਤੱਕ ਆਪਣੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਪਹੁੰਚ ਕੀਤੀ ਗਈ ਪਰ ਉਹਨਾਂ ਵੱਲੋਂ ਵੀ ਮੰਗਾਂ ਨੂੰ ਵਿਚਾਰਨ ਦਾ ਸਿਰਫ ਭਰੋਸਾ ਦੇ ਕੇ ਹੀ ਡੰਗ ਸਾਰਿਆ ਜਾ ਰਿਹਾ ਹੈ ।

ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਜੇਕਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦੀ ਮੰਨ ਕੇ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ।

ਇਸ ਮੌਕੇ ਮੈਰੀਟੋਰੀਅਸ ਸਕੂਲ, ਜਲੰਧਰ ਦੇ ਅਧਿਆਪਕ ਸਤਿਨਾਮ ਸਿੰਘ, ਜਤਿੰਦਰ ਪਾਲ ਸਿੰਘ, ਨਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਅਮਿਤ ਕੁਮਾਰ, ਜੈਵਿਸ਼ ਕੁਮਾਰ, ਰਮਨਦੀਪ ਸਿੰਘ, ਸਾਕਸ਼ੀ ਜੁਲਕਾ, ਪ੍ਰਭਜੋਤ ਕੌਰ, ਮਨਦੀਪ ਕੌਰ, ਕੁਲਦੀਪ ਕੌਰ, ਰਜਨੀ ਬਾਲਾ, ਪਾਇਲ ਗਰਗ, ਸੁਸ਼ੀਲ ਕੁਮਾਰ ਨੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ।

Share: rhrp news

Leave a Reply

Your email address will not be published. Required fields are marked *

error: Content is protected !!