ਮੋਰਚੇ ਨੂੰ ਫੇਲ੍ਹ ਕਰਨ ਲਈ ਭਾਜਪਾ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ – ਉਗਰਾਹਾਂ

ਨਵੀਂ ਦਿੱਲੀ 28 ਜੂਨ (ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਟਿਕਰੀ ਬਾਰਡਰ ‘ਤੇ ਚੱਲ ਰਹੇ ਮੋਰਚੇ ‘ਚ ਸਾਮਲ ਕਿਸਾਨਾਂ ਦੀ ਵਧਵੀਂ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਉਗਰਾਹਾਂ ਜੀ ਨੇ ਕਿਹਾ ਕਿ ਮੋਰਚੇ ਨੂੰ ਫੇਲ੍ਹ ਕਰਨ ਲਈ ਭਾਜਪਾ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।ਉਨ੍ਹਾਂ ਕਿਹਾ ਕਿ ਹੁਣ ਮੋਰਚੇ ਦੇ ਨੇੜਲੇ ਹਰਿਆਣਾ ਦੇ ਪਿੰਡਾਂ ਦੇ ਕਿਸਾਨਾਂ ਨੂੰ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਭੜਕਾਇਆ ਜਾ ਰਿਹਾ ਹੈ ਕਿ ਕਿਸਾਨਾਂ ਵਲੋਂ ਸੜਕਾਂ ਜਾਮ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਆਉਣ ਜਾਣ ‘ਚ ਦਿੱਕਤਾਂ ਆਉਂਦੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਸੱਤ ਮਹੀਨਿਆਂ ਤੋਂ ਆਪਣੇ ਘਰ ਬਾਰ ਛੱਡ ਕੇ ਦਿੱਲੀ ਦੇ ਬਾਰਡਰਾਂ ‘ਤੇ ਡਟੇ ਬੈਠੇ ਹਨ ਕਿਉਂਕਿ ਇਨ੍ਹਾਂ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਤੋਂ ਉਨ੍ਹਾਂ ਦੀਆਂ ਫ਼ਸਲਾਂ ਕੌਡੀਆਂ ਦੇ ਭਾਅ ਲੁੱਟੀਆਂ ਜਾਣੀਆਂ ਹਨ।ਕਾਰਪੋਰੇਟ ਘਰਾਣਿਆਂ ਵੱਲੋਂ ਇਹ ਫ਼ਸਲਾਂ ਸਸਤੇ ਭਾਅ ਖਰੀਦ ਕੇ ਮੁੜ ਖਪਤਕਾਰਾਂ ਨੂੰ ਮਨਮਰਜ਼ੀ ਦੇ ਭਾਅ ‘ਤੇ ਵੇਚਣੀਆਂ ਹਨ ਜਿਸ ਨਾਲ ਕਿਸਾਨਾਂ ਸਮੇਤ ਸਭ ਕਿਰਤੀ ਲੋਕਾਂ,ਅਤੇ ਦੁਕਾਨਦਾਰਾਂ ‘ਤੇ ਇਸ ਮਹਿੰਗਾਈ ਦੀ ਮਾਰ ਪੈਣੀ ਹੈ।ਹੁਣ ਵੀ ਕਿਰਤੀ ਲੋਕ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹੈ।ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਅੰਨ ਦੀ ਸੁਰੱਖਿਆ ਦਾ ਸੰਕਟ ਖਡ਼੍ਹਾ ਹੋ ਜਾਵੇਗਾ ਅਤੇ ਵੱਡੇ ਪੱਧਰ ‘ਤੇ ਭੁੱਖਮਰੀ ਫੈਲ ਜਾਵੇਗੀ।ਇਸ ਲਈ ਇਹ ਸੰਘਰਸ਼ ਸਾਡੇ ਸਾਰੇ ਲੋਕਾਂ ਦਾ ਸਾਂਝਾ ਸੰਘਰਸ਼ ਹੈ।ਉਨ੍ਹਾਂ ਮੋਰਚੇ ਨੇੜਲੇ ਹਰਿਆਣਾ ਦੇ ਪਿੰਡਾਂ ਅਤੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀਆਂ ਇਨ੍ਹਾਂ ਚਾਲਾਂ ਤੋਂ ਸੁਚੇਤ ਹੁੰਦੇ ਹੋਏ ਕਿਸਾਨ ਅੰਦੋਲਨ ਦਾ ਵੱਧ ਤੋਂ ਵੱਧ ਸਾਥ ਦੇਣ।ਉਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਪਿੰਡ ਜਾਂ ਸ਼ਹਿਰ ਵਾਸੀ ਨਾਲ ਬਹਿਸਬਾਜ਼ੀ ਜਾਂ ਝਗੜਾ ਨਾ ਕਰਨ ਅਤੇ ਨਿਮਰਤਾ ਨਾਲ ਪੇਸ਼ ਆਉਂਦੇ ਹੋਏ ਉਨ੍ਹਾਂ ਨਾਲ ਹੋਰ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰਨ।ਸ੍ਰੀ ਉਗਰਾਹਾਂ ਜੀ ਨੇ ਹਰਿਆਣੇ ਦੇ ਕਿਸਾਨਾਂ ਵਲੋਂ ਕਿਸਾਨ ਅੰਦੋਲਨ ਨੂੰ ਦਿੱਤੇ ਜਾ ਰਹੇ ਪੂਰਨ ਸਮਰਥਨ ਦਾ ਵੀ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਹੁਣ ਪਹਿਲਾਂ ਤੋਂ ਵੀ ਵੱਧ ਸਮਰਥਨ ਦੇਣਗੇ।
ਸੂਬੇ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਰਿਆਣੇ ਦੇ ਕਿਸਾਨਾਂ ਨਾਲ ਕਿਸਾਨ ਅੰਦੋਲਨ ਦੀ ਸਾਂਝ ਨੂੰ ਹੋਰ ਵਧਾਉਂਦਿਆਂ ਕੱਲ੍ਹ ਨੂੰ ਸਾਂਪਲਾ ਨੇਡ਼ੇ ਟੌਲ ਪਲਾਜ਼ੇ ‘ਤੇ ਚੱਲ ਰਹੇ ਮੋਰਚੇ ‘ਚ ਟਿਕਰੀ ਬਾਰਡਰ ਤੋਂ ਕਿਸਾਨਾਂ ਅਤੇ ਔਰਤਾਂ ਦਾ ਇੱਕ ਵੱਡਾ ਕਾਫਲਾ ਸ਼ਾਮਲ ਹੋਵੇਗਾ।

One thought on “ਮੋਰਚੇ ਨੂੰ ਫੇਲ੍ਹ ਕਰਨ ਲਈ ਭਾਜਪਾ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ – ਉਗਰਾਹਾਂ

Leave a Reply

Your email address will not be published. Required fields are marked *

error: Content is protected !!