ਨਵੀਂ ਦਿੱਲੀ 24 ਜੂਨ ( ਸਵਰਨ ਜਲਾਣ ) ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹੱਕਾਂ ਦੀ ਲੜਾਈ ਲੜਨ ਵਾਸਤੇ ਦੋ ਤਰ੍ਹਾਂ ਦੀ ਲੜਾਈ ਹੁੰਦੀ ਹੈ ਇੱਕ ਵਿਚਾਰਾਂ ਦੀ ਅਤੇ ਇੱਕ ਹਥਿਆਰਾਂ ਦੀ।ਜੇਕਰ ਹਾਕਮ ਧਿਰ ਅਤੇ ਕਿਰਤੀ ਲੋਕਾਂ ਦੀ ਬਰਾਬਰ ਦੀ ਤਾਕਤ ਹੋਵੇ ਤਾਂ ਹਥਿਆਰਾਂ ਨਾਲ ਲੜਾਈ ਲੜੀ ਜਾ ਸਕਦੀ ਹੈ ਪਰ ਜੇਕਰ ਹਾਕਮ ਧਿਰ ਅਤੇ ਕਿਰਤੀ ਲੋਕਾਂ ਦੀ ਬੇਮੇਚੀ ਟੱਕਰ ਹੋਵੇ ਤਾਂ ਸਹੀ ਵਿਚਾਰਾਂ ਅਤੇ ਸ਼ਾਂਤਮਈ ਤਰੀਕੇ ਨਾਲ ਲੜਾਈ ਲੜਨੀ ਚਾਹੀਦੀ ਹੈ।ਇਸ ਲਈ ਅਸੀਂ ਘੱਟ ਤਾਕਤ ‘ਚ ਹੋਣ ਕਰਕੇ ਇਸ ਤਾਕਤ ਨੂੰ ਵਧਾਉਣ ਲਈ ਵਿਚਾਰਾਂ ਦੀ ਲੜਾਈ ਲੜ ਰਹੇ ਹਾਂ।ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਬਣਾਉਣ ਵਾਲੀਆਂ ਸਾਮਰਾਜੀ ਤਾਕਤਾਂ ਖਿਲਾਫ਼ ਸਬਰ ਰੱਖ ਕੇ ਲੰਮੇ ਸੰਘਰਸ਼ ਕਰਨ ਦੀ ਲੋੜ ਹੈ।ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੇਧਕ ਹੋ ਕੇ ਧੜੱਲੇ ਨਾਲ ਲੜਦੇ ਰਹਾਂਗੇ।ਉਨ੍ਹਾਂ ਕਿਹਾ ਕਿ ਹਾੜ੍ਹ-ਜੇਠ ਦੀਆਂ ਧੁੱਪਾਂ ‘ਚ ਜਦੋਂ ਦੁਪਹਿਰ ਦਾ ਵੇਲਾ ਅੱਧੀ ਰਾਤ ਵਰਗਾ ਹੁੰਦਾ ਹੈ।ਇਹ ਉਹ ਸਮਾਂ ਹੁੰਦਾ ਹੈ ਜਿਸ ਸਮੇਂ ਕੋਈ ਚਿੜੀ ਜਨੌਰ,ਨਾ ਕੋਈ ਰਾਹ ਪਾਂਧੀ ਜੇ ਕੋਈ ਭੁੱਲ ਭੁਲੇਖੇ ਗਰਮੀ ਦੀ ਤਪਸ਼ ਨੂੰ ਨਾ ਝੱਲਦਾ ਹੋਇਆ ਆਪਣੇ ਸੰਗੀ ਸਾਥੀ ਦਾ ਬੂਹਾ ਖੜਕਾਉਂਦਾ ਹੈ ਤਾਂ ਘੱਟੋ ਘੱਟ ਉਸ ਨੂੰ ਅੱਧਾ ਪੌਣਾ ਘੰਟਾ ਉਡੀਕ ਕਰਨੀ ਪੈਂਦੀ ਹੈ।ਸਾਧਾਰਨ ਟੈਂਟਾਂ ‘ਚ ਬੈਠਿਆ ਏਨੀ ਜ਼ਿਆਦਾ ਤਪਸ਼ ਹੁੰਦੀ ਹੈ ਜੇਕਰ ਟੈਂਟ ‘ਚ ਬਰਫ਼ ਦੀ ਸਿੱਲ੍ਹੀ ਰੱਖ ਦਿੱਤੀ ਜਾਵੇ ਤਾਂ ਉਹ ਪੰਦਰਾਂ ਮਿੰਟਾ ‘ਚ ਹੀ ਪਿਘਲ ਕੇ ਖ਼ਤਮ ਹੋ ਜਾਵੇਗੀ।ਇਨ੍ਹਾਂ ਟੈਂਟਾਂ ‘ਚ ਅੰਦੋਲਨਕਾਰੀ ਕਿਸਾਨ ਸਖ਼ਤ ਗਰਮੀ ਹੋਣ ਦੇ ਕਾਰਨ ਪਰਖ ਦੀਆਂ ਘੜੀਆਂ ‘ਚੋਂ ਗੁਜ਼ਰ ਰਹੇ ਹਨ ਪਰ ਜੇ ਅਜੇ ਵੀ ਦੇਸ਼ ਦੇ ਹਾਕਮਾਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ ਨੂੰ ਕਿਸੇ ਗੱਲ ਦਾ ਭੁਲੇਖਾ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਪਤਾ ਨਹੀਂ ਤਾਂ ਇਹੋ ਜਿਹੇ ਲੋਕਾਂ ਨੂੰ ਸਿਆਸਤ ਕਰਨੀ ਛੱਡ ਦੇਣੀ ਚਾਹੀਦੀ ਹੈ।ਸਾਡੇ ਹਿਸਾਬ ਨਾਲ ਕਿਸਾਨ ਅਜਿਹੇ ਮਾਹਿਰ ਵਿਗਿਆਨੀ ਹਨ ਜਿਹੜੇ ਕਣਕ ਦੇ ਇੱਕ ਛਿੱਟੇ ਨੂੰ ਭੋਰ ਕੇ ਦੱਸ ਦਿੰਦੇ ਹਨ ਕਿ ਇਸ ਸਾਲ ਇੱਕ ਏਕੜ ਵਿੱਚੋਂ ਕਿੰਨੇ ਮਣ ਝਾੜ ਨਿਕਲੇਗਾ।
ਨਿਊਰੋਲੋਜਿਸਟ ਡਾ: ਹਰਬਾਗ ਸਿੰਘ ਪਟਿਆਲਾ ਨੇ ਕਿਹਾ ਕਿ ਪਿਛਲੇ ਦਸ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਕਿਸਾਨਾਂ ਦਾ ਸੰਘਰਸ਼ ਅੱਜ ਤੱਕ ਦੇ ਇਤਿਹਾਸ ‘ਚ ਸਭ ਤੋਂ ਲੰਮਾ ਇਤਿਹਾਸਕ ਅੰਦੋਲਨ ਹੈ।ਉਨ੍ਹਾਂ ਕਿਹਾ ਕਿ ਤੁਹਾਡੇ ਪਿੰਡਿਆਂ ‘ਤੇ ਹੱਡ ਚੀਰਵੀਂ ਸਰਦੀ ਅਤੇ ਜੇਠ-ਹਾੜ੍ਹ ਦੀਆਂ ਧੁੱਪਾਂ ਵੀ ਗੁਜ਼ਰੀਆਂ।ਤੁਹਾਡੇ ਏਸ਼ ਸਿਦਕ ਨੂੰ ਸਲਾਮ ਕਰਨਾ ਬਣਦਾ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ੰਘਰਸ਼ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਜਿਵੇਂ ਕਿ ਇੱਕ ਸਾਲ ਤੋਂ ਉੱਪਰ ਸਮਾਂ ਕੋਰੋਨਾ ਮਹਾਂਮਾਰੀ ਨੂੰ ਹੋ ਚੁੱਕਾ ਹੈ। ਇਸ ਮਹਾਂਮਾਰੀ ਦਾ ਗੇੜ ਦੋ ਪੜਾਵਾਂ ਰਾਹੀਂ ਲੰਘ ਚੁੱਕਾ ਹੈ ਭਾਵੇਂ ਪਹਿਲੇ ਗੇੜ ‘ਚ ਮਰੀਜ਼ਾਂ ਦੀ ਗਿਣਤੀ ਆਮ ਦੇਸ਼ਾਂ ਨਾਲੋਂ ਘੱਟ ਰਹੀ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਆਉਣ ਨਾਲ ਇਸ ਬੀਮਾਰੀ ਤੋਂ ਪੀਡ਼ਤ ਮਰੀਜ਼ਾ ਦੀ ਮੌਤ ਦਰ ਦੀ ਸੰਖਿਆ ਕਾਫੀ ਵਧ ਗਈ ਹੈ। ਇਸ ਕਰਕੇ ਸਾਨੂੰ ਅੱਗੇ ਤੋਂ ਇਸ ਬਿਮਾਰੀ ਦਾ ਖਿਆਲ ਰੱਖਦੇ ਹੋਏ ਕੁਝ ਮੋਟੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਕਰਨਾ,ਇੱਕ ਦੂਜੇ ਤੋਂ ਸਮਾਜਕ ਦੂਰੀ ਬਣਾਈ ਰੱਖਣਾ,ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਣਾ ਅਤੇ ਸਫ਼ਾਈ ਦਾ ਧਿਆਨ ਰੱਖਣ ਦੀ ਲੋੜ ਹੈ।
ਸਟੇਜ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਬਾਖੂਬੀ ਨਿਭਾਈ।ਪਰਮਵੀਰ ਸਿੰਘ ਘਲੋਟੀ ਅਤੇ ਸੁਰਿੰਦਰ ਕੌਰ ਘੱਗਾ ਨੇ ਵੀ ਸੰਬੋਧਨ ਕੀਤਾ।