ਕਿਸਾਨ ਦੀ ਹੀ ਜਿੰਦ ਜਾਨ ਨਹੀਂ ਸਗੋਂ ਧਰਤੀ ‘ਤੇ ਜਾਨਵਰਾਂ ਤੋਂ ਲੈ ਕੇ ਪਸ਼ੂ ਪੰਛੀ ਸਭ ਜ਼ਮੀਨ ਤੋਂ ਬਗੈਰ ਜਿਊਂਦੇ ਨਹੀਂ ਰਹਿ ਸਕਦੇ

ਨਵੀਂ ਦਿੱਲੀ ( ਸਵਰਨ ਜਲਾਣ )
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜ਼ਮੀਨ ਕਿਸਾਨ ਦੀ ਹੀ ਜਿੰਦ ਜਾਨ ਨਹੀਂ ਸਗੋਂ ਧਰਤੀ ‘ਤੇ ਜਾਨਵਰਾਂ ਤੋਂ ਲੈ ਕੇ ਪਸ਼ੂ ਪੰਛੀ ਸਭ ਜ਼ਮੀਨ ਤੋਂ ਬਗੈਰ ਜਿਊਂਦੇ ਨਹੀਂ ਰਹਿ ਸਕਦੇ। ਜੇਕਰ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਚਲੀ ਜਾਂਦੀ ਹੈ ਤਾਂ ਮਨੁੱਖ ਤਾਂ ਭੁੱਖਾ ਮਰਨ ਲਈ ਮਜਬੂਰ ਹੋਵੇਗਾ ਹੀ ਜਾਨਵਰਾਂ ‘ਤੇ ਵੀ ਇਸਦਾ ਮਾੜਾ ਅਸਰ ਪੈਣਾ ਹੈ।ਇਸ ਕਰਕੇ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਸਾਨੂੰ ਹਰ ਹੀਲੇ ਲੜਨੀ ਹੀ ਪੈਣੀ ਹੈ।ਸਾਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਪੰਜਾਬ ਵਾਂਗ ਹਰਿਆਣਾ,ਯੂਪੀ ਸਮੇਤ ਹੋਰ ਸੂਬਿਆਂ ‘ਚ ਵੀ ਵੱਡੀ ਲਾਮਬੰਦੀ ਕਰ ਕੇ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਮਨ ‘ਚੋਂ ਭੁਲੇਖਾ ਕੱਢ ਦੇਵੇ ਕਿ ਅਸੀਂ ਇੱਥੋਂ ਵਾਪਸ ਚਲੇ ਜਾਵਾਂਗੇ।ਅਸੀਂ ਇਹ ਲੜਾਈ ਮਰਦੇ ਦਮ ਤਕ ਲੜਦੇ ਰਹਾਂਗੇ।
ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਖੇਤੀ ਸੰਬੰਧੀ ਲਿਆਂਦੇ ਤਿੰਨੇ ਕਾਲੇ ਕਾਨੂੰਨ ਇਕੱਲੇ ਭਾਰਤ ਦਾ ਮਸਲਾ ਹੀ ਨਹੀਂ ਹੈ।ਇਹ ਇੱਕ ਸੰਸਾਰ ਵਿਆਪੀ ਲੋਕ ਵਿਰੋਧੀ ਸਾਮਰਾਜੀ ਨੀਤੀਆਂ ਦਾ ਮਸਲਾ ਹੈ।ਕਾਰਪੋਰੇਟ ਘਰਾਣੇ ਦੇਸੀ ਹੋਣ ਜਾਂ ਵਿਦੇਸ਼ੀ ਉਹ ਲੋਕ ਵਿਰੋਧੀ ਨੀਤੀਆਂ ਦਾ ਅਮਲ ਜਦੋਂ ਅਣ- ਵਿਕਸਿਤ ਮੁਲਕਾਂ ‘ਚ ਲੈ ਕੇ ਆਉਂਦੇ ਹਨ ਤਾਂ ਦੇਸ਼ ਦੇ ਲੋਕਾਂ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਜਾਂਦੀ ਹੈ ਜਿਵੇਂ ਅਮਰੀਕੀ ਸਾਮਰਾਜ ਦੱਖਣੀ ਅਫ਼ਰੀਕਾ ਦੇ ਛੋਟੇ ਛੋਟੇ ਮੁਲਕਾਂ ਨੂੰ ਆਪਣੀਆਂ ਬਸਤੀਆਂ ਬਣਾ ਕੇ ਵੱਖ ਵੱਖ ਢੰਗਾਂ ਦੇ ਨਾਲ ਲੁੱਟ ਦੇ ਰਾਹ ਪਿਆ ਹੋਇਆ ਹੈ।ਉਦਾਹਰਨ ਦੇ ਵਜੋਂ ਬੋਲੀਵੀਆ ‘ਚ ਪਾਣੀਆਂ ਦੇ ਨਾਂ ‘ਤੇ ਉੱਥੋ ਦੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।ਪਹਿਲਾਂ ਬੋਲੀਵੀਆ ਦੀਆਂ ਨਦੀਆਂ ‘ਚ ਜ਼ਹਿਰੀਲੇ ਪਦਾਰਥ ਘੋਲ ਕੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ।ਫਿਰ ਇੰਨਾ ਲੁਟੇਰੀਆਂ ਕੰਪਨੀਆਂ ਨੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਉਸੇ ਪਾਣੀ ਨੂੰ ਫਿਲਟਰ ਕਰਕੇ ਬੋਤਲਾਂ ‘ਚ ਬੰਦ ਕਰਕੇ ਦੇਸ਼ ਦੇ ਲੋਕਾਂ ਦੀ ਵੱਡੇ ਪੱਧਰ ‘ਤੇ ਲੁੱਟ ਕੀਤੀ।ਇਸੇ ਤਰ੍ਹਾਂ ਹੀ ਦੱਖਣੀ ਅਫ਼ਰੀਕਾ ਦੇ ਛੋਟੇ ਜਿਹੇ ਮੁਲਕ ਟਿਨੇਸ਼ੀਆ ‘ਚ ਲੋਕ ਮਾਰੂ ਨੀਤੀਆਂ ਲਾਗੂ ਕਰ ਕੇ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾਇਆ ਗਿਆ ਤਾਂ ਇਨ੍ਹਾਂ ਨੀਤੀਆਂ ਤੋਂ ਤੰਗ ਆ ਕੇ ਇੱਕ ਬੇਰੁਜ਼ਗਾਰ ਨੌਜਵਾਨ ਵੱਲੋਂ ਅੱਗ ਲਾ ਕੇ ਖੁਦਕਸ਼ੀ ਕਰਨ ਦੀ ਵਾਪਰੀ ਇੱਕ ਘਟਨਾ ਨਾਲ ਮੁਲਕ ਦੇ ਲੋਕਾਂ ‘ਚ ਇੱਕ ਵੱਡੀ ਤਬਦੀਲੀ ਆਉਣੀ ਸ਼ੁਰੂ ਹੋਈ ਤਾਂ ਲੋਕਾਂ ਨੇ ਇਕੱਠੇ ਹੋ ਕੇ ਰਾਸ਼ਟਰਪਤੀ ਦਾ ਮਹਿਲ ਘੇਰ ਲਿਆ।ਲੋਕਾਂ ਦੇ ਰੋਹ ਭਰੇ ਇਰਾਦੇ ਨੂੰ ਭਾਂਪਦਿਆਂ ਰਾਸ਼ਟਰਪਤੀ ਨੂੰ ਆਪਣਾ ਮਹਿਲ ਛੱਡ ਕੇ ਤੀਜੇ ਮੁਲਕ ‘ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।ਜਦੋਂ ਦੁਖੀ ਹੋਏ ਲੋਕ ਵੱਡੀ ਗਿਣਤੀ ‘ਚ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਅੱਗੇ ਕੋਈ ਵੀ ਤਾਕਤ ਨਹੀਂ ਖੜ ਸਕਦੀ।ਇਸੇ ਤਰ੍ਹਾਂ ਭਾਰਤ ‘ਚ ਵੀ ਇਨ੍ਹਾਂ ਲੁਟੇਰੇ ਹਾਕਮਾਂ ਦਾ ਪਾਲਿਆ ਹੋਇਆ ਭੁਲੇਖਾ ਹੱਕ ਸੱਚ ਲਈ ਸੰਘਰਸ਼ ਕਰ ਰਹੇ ਲੋਕ ਵੱਡੀ ਗਿਣਤੀ ‘ਚ ਲਾਮਬੰਦ ਹੋ ਕੇ ਲੋਕ ਵਿਰੋਧੀ ਨੀਤੀਆਂ ਨੂੰ ਵਾਪਸ ਮੋੜਨ ਲਈ ਮਜਬੂਰ ਕਰਕੇ ਕੱਢ ਦੇਣਗੇ।ਅੱਜ ਦੀ ਸਟੇਜ ਤੋਂ ਮਾਸਟਰ ਗਗਨਦੀਪ ਸਿੰਘ ਛਾਜਲੀ,ਰਵਿੰਦਰ ਸਿੰਘ ਮੋਗਾ, ਜਗਸੀਰ ਦੋਦੜਾ,ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਕੁਲਦੀਪ ਸਿੰਘ,ਸੁਰਿੰਦਰ ਕੌਰ ਪਟਿਆਲਾ ਅਤੇ ਰਾਮਪਾਲ ਸ਼ਰਮਾ ਨੇ ਵੀ ਸੰਬੋਧਨ ਕੀਤਾ ।

2 thoughts on “ਕਿਸਾਨ ਦੀ ਹੀ ਜਿੰਦ ਜਾਨ ਨਹੀਂ ਸਗੋਂ ਧਰਤੀ ‘ਤੇ ਜਾਨਵਰਾਂ ਤੋਂ ਲੈ ਕੇ ਪਸ਼ੂ ਪੰਛੀ ਸਭ ਜ਼ਮੀਨ ਤੋਂ ਬਗੈਰ ਜਿਊਂਦੇ ਨਹੀਂ ਰਹਿ ਸਕਦੇ

Leave a Reply

Your email address will not be published. Required fields are marked *

error: Content is protected !!