ਸੂਬਾ ਆਗੂ ਰੂਪ ਸਿੰਘ ਛੰਨਾਂ ਨੇ ਕਿਹਾ ਕਿ ਇਹ ਲੜਾਈ ਜ਼ਮੀਨਾ ਬਚਾਉਣ ਦੀ ਲੜਾਈ ਹੈ

ਨਵੀਂ ਦਿੱਲੀ 15 ਜੂਨ (ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਟਿਕਰੀ ਹੱਦ ‘ਤੇ ਪਕੌੜਾ ਚੌਂਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਆਗੂ ਰੂਪ ਸਿੰਘ ਛੰਨਾਂ ਨੇ ਕਿਹਾ ਕਿ ਇਹ ਲੜਾਈ ਜ਼ਮੀਨਾ ਬਚਾਉਣ ਦੀ ਲੜਾਈ ਹੈ।ਖੇਤੀ ਨੂੰ ਉਜਾੜਨ ਵਾਲੇ ਕਾਨੂੰਨ ਕੇਂਦਰ ਦੀ ਭਾਜਪਾ ਹਕੂਮਤ ਤੋਂ ਪਹਿਲਾਂ ਪੰਜਾਬ ‘ਚ ਵੀ ਕੈਪਟਨ ਸਰਕਾਰ ਵੱਲੋਂ ਵੀ ਧੌਲਾ, ਛੰਨਾ,ਸੰਘੇੜਾ ( ਬਰਨਾਲਾ ) ਅਤੇ ਬਾਦਲ ਸਰਕਾਰ ਵੱਲੋਂ ਗੋਬਿੰਦਪੁਰਾ ( ਮਾਨਸਾ ) ‘ਚ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਦੇਣ ਖ਼ਿਲਾਫ਼ ਪੰਜਾਬ ‘ਚ ਸੰਘਰਸ਼ ਲੜੇ ਗਏ ਹਨ।ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਆਗੂ ਪਿੰਡਾਂ ਦੀਆਂ ਸੱਥਾਂ ‘ਚ ਲੋਕ ਮਾਰੂ ਨੀਤੀਆਂ ਦੀਆਂ ਗੱਲਾਂ ਕਰਦੇ ਸੀ ਕਿ ਤੁਹਾਡੀਆਂ ਜ਼ਮੀਨਾਂ ਇਨ੍ਹਾਂ ਲੋਕ ਮਾਰੂ ਨੀਤੀਆਂ ਨੇ ਤੁਹਾਡੇ ਕੋਲੋਂ ਖੋਹ ਕੇ ਲੈ ਜਾਣੀਆਂ ਹਨ ਤਾਂ ਉਦੋਂ ਲੋਕ ਇਨ੍ਹਾਂ ਆਗੂਆਂ ਦੀਆਂ ਕਹੀਆਂ ਹੋਈਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਸੀ ਪਰ ਪਤਾ ਉਦੋਂ ਲੱਗਾ ਜਦੋਂ ਧੌਲਾ,ਛੰਨਾ ਅਤੇ ਸੰਘੇੜਾ ਦੀ 376 ਏਕੜ ਜ਼ਮੀਨ ਟਰਾਈਡੈਂਟ ਕੰਪਨੀ ਦੇ ਮਾਲਕ ਰਜਿੰਦਰ ਗੁਪਤਾ ਨੇ ਰਾਤੋ ਰਾਤ ਤਾਰ ਫੇਰ ਕੇ ਆਪਣੇ ਕਬਜ਼ੇ ਥੱਲੇ ਕਰ ਲਈ ਸੀ ਤਾਂ ਉਸ ਸਮੇਂ ਕਿਸਾਨ ਜਥੇਬੰਦੀਆਂ ਨੇ ਕੰਪਨੀ ਦੇ ਖਿਲਾਫ ਲੜਾਈ ਲੜ ਕੇ ਸਾਨੂੰ ਜ਼ਮੀਨਾਂ ਬਚਾਉਣ ਦੇ ਮਾਮਲੇ ‘ਚ ਵੱਡੀ ਰਾਹਤ ਦਿਵਾਈ ਸੀ।
ਨੌਜਵਾਨ ਸੱਥ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਬਲਕਰਨ ਸਿੰਘ ਨੇ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਂਦਿਆ ਕਿਹਾ ਜਿਹੜੀ ਲੜਾਈ ਦਾ ਉਦੇਸ਼ ਭਗਤ ਸਿੰਘ ਵਰਗਿਆਂ ਨੇ ਆਪਣੇ ਮਨਾਂ ‘ਚ ਵਸਾਇਆ ਸੀ ਕਿ ਜਦੋ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਦੋ ਤੱਕ ਇਹ ਲੜਾਈ ਕਿਸੇ ਨਾ ਕਿਸੇ ਰੂਪ ‘ਚ ਜਾਰੀ ਰਹੇਗੀ ਅਤੇ ਤੁਹਾਡਾ ਇਹ ਜ਼ਮੀਨਾਂ ਬਚਾਉਣ ਦਾ ਘੋਲ ਭਗਤ ਸਿੰਘ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਸਮਰਪਤ ਹੈ।ਅਸੀਂ ਵੀ ਨੌਜਵਾਨ ਵੱਲੋਂ ਇਹ ਘੋਲ ਨੂੰ ਤਕੜਾਈ ਦੇਣ ਵਾਸਤੇ ਹਰ ਤਰ੍ਹਾਂ ਦਾ ਉਪਰਾਲਾ ਕਰ ਰਹੇ ਹਾਂ ਕਿਉਂਕਿ ਸਾਡੇ ਲੋਕਾਂ ਦੀਆਂ ਹਾਲਤਾਂ ਇਹ ਤਿੰਨ ਕਾਲੇ ਕਾਨੂੰਨ ਲੈ ਕੇ ਆਉਣ ਤੋਂ ਪਹਿਲਾਂ ਵੀ ਬਹੁਤ ਮਾੜੀਆਂ ਹਨ।ਇਸ ਕਰਕੇ ਇਨ੍ਹਾਂ ਕਾਨੂੰਨਾਂ ਨੂੰ ਅਤੇ ਇਸ ਤੋਂ ਪਹਿਲਾਂ ਵੀ ਭਾਰਤ ਦੀਆਂ ਸਰਕਾਰਾਂ ਉਹ ਭਾਵੇਂ ਕਿਸੇ ਵੇ ਰੰਗ ਦੀਆਂ ਹੋਣ ਲੋਕ ਮਾਰੂ ਕਾਨੂੰਨ ਲਾਗੂ ਕਰਕੇ ਸਾਡਾ ਜੀਣਾ ਦੁੱਭਰ ਕਰਦੀ ਰਹੀਆਂ ਹਨ। ਲੋਕ ਪਹਿਲਾਂ ਵੀ ਲੜ ਰਹੇ ਸਨ ਅਤੇ ਹੁਣ ਵੀ ਇਹ ਕਾਨੂੰਨ ਵਾਪਸ ਹੋਣ ਤੱਕ ਅਤੇ ਅਗਲੀਆਂ ਮੰਗਾ ਤੱਕ ਸੰਘਰਸ਼ ਕਰਦੇ ਰਹਿਣਗੇ।
ਕੁਲਦੀਪ ਕੌਰ ਕੋਠਾਗੁਰੂ ਨੇ ਕਿਹਾ ਜਦੋਂ ਦੇਸ਼ ਦੀਆਂ ਹਾਕਮ ਜਮਾਤਾਂ ਵੱਲੋਂ ਲੋਕਾਂ ਦੀ ਸੰਘੀ ਘੁੱਟਣ ਵਾਲੇ ਕਾਨੂੰਨ ਲਾਗੂ ਕੀਤੇ ਜਾਣ ਤਾਂ ਸਾਡਾ ਵੀ ਔਰਤ ਭੈਣਾਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਭਰਾਵਾਂ ਨਾਲ ਸ਼ੰਘਰਸ਼ ਲੜ ਕੇ ਇਨ੍ਹਾਂ ਲੋਕਮਾਰੂ ਕਾਨੂੰਨਾਂ ਨੂੰ ਪਿੱਛੇ ਮੋੜਨ ਲਈ ਕਾਫਲਿਆਂ ਦੇ ਰੂਪ ‘ਚ ਕਿਸਾਨੀ ਘੋਲ ਵਿੱਚ ਸ਼ਾਮਲ ਹੋਈਏ।
ਅੱਜ ਦੀ ਸਟੇਜ ਦੇ ਪੰਡਾਲ ‘ਚ ਕਿਸਾਨ ਮੋਰਚੇ ਨੂੰ ਤਕੜਾਈ ਦੇਣ ਲਈ ਰੇਸ਼ਮ ਸਿੰਘ ਖੇਮੂਆਣਾ ਦੀ ਅਗਵਾਈ ‘ਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸ਼ਾਮਿਲ ਹੋਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਕੇਰਲਾ ਤੋਂ 4500 ਕਿਲੋਮੀਟਰ ਸਾਈਕਲ ‘ਤੇ ਪਹੁੰਚੇ ਬੇਜ਼ਮੀਨੇ ਨੌਜਵਾਨ ਵਿਦਿਆਰਥੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਮੋਰਚੇ ਦਾ ਸਮਰਥਨ ਕੀਤਾ ਅਤੇ ਜ਼ਿਲ੍ਹਾ ਸੰਗਰੂਰ ਦੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ,ਜ਼ਿਲ੍ਹਾ ਮੁਕਤਸਰ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ।

One thought on “ਸੂਬਾ ਆਗੂ ਰੂਪ ਸਿੰਘ ਛੰਨਾਂ ਨੇ ਕਿਹਾ ਕਿ ਇਹ ਲੜਾਈ ਜ਼ਮੀਨਾ ਬਚਾਉਣ ਦੀ ਲੜਾਈ ਹੈ

Leave a Reply

Your email address will not be published. Required fields are marked *