ਨਵਾਂਸ਼ਹਿਰ 10 ਜੂਨ (ਪਰਮਿੰਦਰ ਨਵਾਂਸ਼ਹਿਰ )ਅੱਜ ਆਮ ਆਦਮੀ ਪਾਰਟੀ ਹਲਕਾ ਨਵਾਂਸ਼ਹਿਰ ਦਾ ਇੱਕ ਵਫ਼ਦ ਨਗਰ ਕੌਂਸਲ ਨਵਾਂਸ਼ਹਿਰ ਦੇ ਦਫ਼ਤਰ ਵਿਚ ਪਿਛਲੇ 27 ਦਿਨਾਂ ਤੋਂ ਲਗਾਤਾਰ ਹੜਤਾਲ ਉਤੇ ਬੈਠੇ ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਿਆ। ਇਸ ਮੌਕੇ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਬੇਹੱਦ ਦੁੱਖੀ ਅਤੇ ਪ੍ਰੇਸ਼ਾਨ ਹੈ। ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਬਿਲਕੁੱਲ ਜਾਇਜ਼ ਹਨ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਸਾਰੀਆਂ ਮੰਗਾਂ ਮੰਨਕੇ ਜਿਥੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਬਾਂਹ ਫੜਨੀ ਚਾਹੀਦੀ ਹੈ ਉਥੇ ਕਰੋਨਾ ਕਾਲ ਦੌਰਾਨ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਫੈਲੀ ਗੰਦਗੀ ਨੂੰ ਵੀ ਤੁਰੰਤ ਸਾਫ ਕਰਵਾਇਆ ਜਾਵੇ। ਇਸ ਮੌਕੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਾਜਦੀਪ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਸਫ਼ਾਈ ਕਰਮਚਾਰੀਆਂ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹੀ ਹੈ ਅਤੇ ਖੜੀ ਰਹੇਗੀ। ਗਗਨ ਅਗਨੀਹੋਤਰੀ ਨੇ ਕਿਹਾ ਕਿ ਸਾਰਾ ਸ਼ਹਿਰ ਇਨ੍ਹਾਂ ਸਫ਼ਾਈ ਸੈਨਿਕਾਂ ਦੇ ਨਾਲ ਇਸ ਕਰਕੇ ਚਟਾਨ ਵਾਂਗ ਖੜ੍ਹਾ ਹੈ ਕਿਉਂਕਿ ਇਨ੍ਹਾਂ ਸਾਰੇ ਸਫ਼ਾਈ ਸੈਨਿਕਾਂ ਦੀਆਂ ਸਾਰੀਆਂ ਮੰਗਾਂ ਬਿਲਕੁੱਲ ਜਾਇਜ਼ ਹਨ ਇਸ ਲਈ ਅੱਜ ਹਰ ਸ਼ਹਿਰ ਵਾਸੀ ਹਰ ਤਰ੍ਹਾਂ ਨਾਲ ਇਨ੍ਹਾਂ ਕਰਮਚਾਰੀਆਂ ਨਾਲ ਖੜਾ ਹੈ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਵਿਸ਼ਵਾਸ ਦਵਾਂਉਦਿਆਂ ਕਿਹਾ ਕਿ ਅਸੀਂ ਪਹਿਲਾਂ ਤਾਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਇਨ੍ਹਾਂ ਸਾਰੇ ਸਫ਼ਾਈ ਸੈਨਿਕਾਂ ਨੂੰ ਪੱਕੇ ਕਰਕੇ ਇਨ੍ਹਾਂ ਦੀ ਤਨਖਾਹ ਵਧਾਈ ਜਾਵੇ ਅਤੇ ਜੇਕਰ ਪੰਜਾਬ ਸਰਕਾਰ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਸਾਥੀ ਡੱਟਕੇ ਝਾੜੂ ਦਾ ਸਾਥ ਦੇਣ ਤਾਂ ਜੋ ਦਿੱਲੀ ਵਾਂਗ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਕੇ ਵਾਜਿਬ ਤਨਖਾਹ ਵੀ ਵਧਾਈ ਜਾਵੇਗੀ ਅਤੇ ਸਾਰੇ ਨੂੰ ਪੱਕੇ ਵੀ ਕੀਤਾ ਜਾਵੇਗਾ। ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਅਟਵਾਲ , ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਤਜਿੰਦਰ ਤੇਜਾ,ਇਸਤਰੀ ਵਿੰਗ ਦੀ ਜ਼ਿਲ੍ਹਾ ਸਕੱਤਰ ਮੈਡਮ ਰਾਜ ਰਾਣੀ, ਚਰਨਜੀਤ ਕਟਾਰੀਆ, ਲੱਡੂ ਮਹਾਲੋਂ, ਰਕੇਸ਼ ਚੈਂਬਰ, ਭਗਵਾਨ ਦਾਸ, ਅਸ਼ੋਕ ਕੁਮਾਰ ਆਦਿ ਸਾਥੀ ਹਾਜ਼ਰ ਸਨ।