ਕਾਲਾਝਾੜ ਟੋਲ ਪਲਾਜ਼ਾ ਉੱਪਰ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਉੱਪਰ 251ਵੇਂ ਦਿਨ ਵੀ ਧਰਨੇ ਜਾਰੀ – ਨਵਜੋਤ ਕੌਰ ਚੰਨੋਂ

ਭਵਾਨੀਗੜ੍ਹ 8 ਜੂਨ (ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਪ੍ਰਧਾਨ ਅਜਾਇਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ 251ਵੇ ਦਿਨ ਵੀ ਕਾਲਝਾੜ ਟੋਲ ਪਲਾਜ਼ਾ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਧਰਨੇ ਜਾਰੀ ਰਾਖੇ ਗਏ ਹਨ |
ਕਿਸਾਨ ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੋਦੀ ਹਕੂਮਤ ਵੱਲੋਂ ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜਿਵੇਂ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਬਣਾਏ ਹਨ ਉਸੇ ਤਰ੍ਹਾਂ ਕੰਪਨੀਆਂ ਵੱਲੋਂ ਕਿਰਤੀ ਲੋਕਾਂ ਦੀ ਕਿਰਤ ਦੀ ਲੁੱਟ ਨੂੰ ਹੋਰ ਤੇਜ ਕਰਨ ਅਤੇ ਇਸ ਦੇ ਖਿਲਾਫ ਆਵਾਜ਼ ਬੰਦ ਕਰਨ ਲਈ ਇਹ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।ਉਨ੍ਹਾਂ ਮੰਗ ਕੀਤੀ ਕਿ ਇਹ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਇਹ ਤਿੰਨੇ ਕਾਲੇ ਕਾਨੂੰਨਾਂ ਦੀ ਲੜਾਈ ਜ਼ਮੀਨਾਂ ਦੀ ਲੜਾਈ ਹੈ ਅਤੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ।ਸਾਡਾ ਇਤਿਹਾਸ ਦੱਸਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ਮੀਨੀ ਘੋਲ ਤੋਂ ਲੈ ਕੇ ਅੱਜ ਤੱਕ ਜੋ ਵੀ ਜ਼ਮੀਨੀ ਸੰਘਰਸ਼ ਲੜੇ ਹਨ ਤਾ ਉਨ੍ਹਾਂ ਵਿੱਚ ਵੱਡੀਆਂ ਕੁਰਬਾਨੀਆਂ ਹੋਈਆਂ ਹਨ।ਉਨ੍ਹਾਂ ਅੱਜ ਦੇ ਹਾਲਾਤਾਂ ਸੰਬੰਧੀ ਕਿਹਾ ਕਿ 2011 ਵਿੱਚ ਅੰਮ੍ਰਿਤਸਰ ਦੇ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਵਲੋਂ ਗ਼ਰੀਬ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਧੱਕੇ ਨਾਲ ਕੀਤੇ ਜਾ ਰਹੇ ਕਬਜ਼ੇ ਨੂੰ ਰੋਕਣ ਲਈ ਅਤੇ ਉਨ੍ਹਾਂ ਨੂੰ ਜ਼ਮੀਨਾ ਦੇ ਮਾਲਕੀ ਹੱਕ ਦਿਵਾਉਣ ਲਈ ਲੜੀ ਗਈ ਲੜਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ ) ਦੇ ਸਿਰਮੌਰ ਆਗੂ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦਾ ਵੀਰ ਸਿੰਘ ਲੋਪੋਕੇ ਦੇ ਗੁੰਡਿਆਂ ਵੱਲੋਂ ਕੀਤਾ ਗਿਆ ਕਤਲ ਇਹ ਦੱਸਦਾ ਹੈ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਕਿਸੇ ਵੀ ਰੰਗ ਦੀਆਂ ਹੋਣ ਊਹ ਹਮੇਸ਼ਾਂ ਕਿਰਤ ਕਰਨ ਵਾਲੇ ਲੋਕਾਂ ਨਾਲ ਜਬਰ ਕਰਦੀਆਂ ਆ ਰਹੀਆਂ ਹਨ।ਇਸ ਦਾ ਜਵਾਬ ਸਬਰ ਅਤੇ ਸਿਦਕ ਨਾਲ ਦੇਣ ਦੀ ਲੋੜ ਹੈ।
ਆਗੂਆਂ ਨੇ ਕਿਹਾ ਕਿ ਲੁਟੇਰੀਆਂ ਹਾਕਮ ਜਮਾਤਾਂ ਵੱਲੋਂ ਲੋਕਾਂ ਦੀ ਲੁੱਟ ਨੂੰ ਤੇਜ਼ ਕਰਨ ਲਈ ਰਾਜਨੀਤਕ ਆਰਥਿਕ ਸਮਾਜਿਕ ਸੱਭਿਆਚਾਰਕ ਚੌਤਰਫਾ ਹੱਲਾ ਵਿੱਢਿਆ ਹੋਇਆ ਹੈ।ਜੇ ਆਰਥਿਕ ਹੱਲੇ ਦੀ ਗੱਲ ਕਰੀਏ ਤਾਂ 1962 ਵਿੱਚ ਹਰੀ ਕ੍ਰਾਂਤੀ ਦੇ ਨਾਂ ਥੱਲੇ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀ ਅਤੇ ਜਨਤਕ ਅਦਾਰਿਆਂ ਨੂੰ ਖਤਮ ਕਰ ਕੇ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਅਤੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਤੇਜ਼ ਕੀਤੀ ਗਈ ਹੈ।2014 ‘ਚ ਭਾਜਪਾ ਸਰਕਾਰ ਬਣਨ ਤੇ ਲਿਆਂਦਾ ਗਿਆ ਭੂਮੀ ਗ੍ਰਹਿਣ ਐਕਟ ਜਿਸ ਦੇ ਤਹਿਤ 7 ਸਨਅਤੀ ਸ਼ਹਿਰ ਵਸਾਉਣ ਲਈ ਭਾਰਤ ਦੇ ਕੁੱਲ ਰਕਬੇ ਦੀ ਤਿੰਨ ਹਿੱਸਿਆਂ ਵਿੱਚ ਵੰਡ ਕੀਤੀ ਗਈ। ਇਸ ਲੋਕ ਵਿਰੋਧੀ ਫ਼ੈਸਲੇ ਦੇ ਅਨੁਸਾਰ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਕੜੀ ਜੋੜ 5 ਜੂਨ 2020 ਨੂੰ ਲਿਆਂਦੇ ਗਏ ਖੇਤੀ ਨੂੰ ਤਬਾਹ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਲੋਕਾਂ ਦੀ ਜ਼ਿੰਦਗੀ ਮੌਤ ਦਾ ਸੁਆਲ ਬਣੇ ਹੋਏ ਹਨ।ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਲੜ ਰਹੇ ਸੰਘਰਸ਼ੀ ਲੋਕ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚੇ ਹੋਏ ਹਨ ਅਤੇ ਇਸ ਦੇ ਖ਼ਿਲਾਫ਼ ਪੰਜਾਬ,ਹਰਿਆਣਾ, ਰਾਜਸਥਾਨ,ਉੱਤਰਪ੍ਰਦੇਸ਼ ਅਤੇ ਉਤਰਾਖੰਡ ਭਾਵ ਕੁੱਲ ਭਾਰਤ ਦੇ ਲੋਕਾ ਵੱਲੋਂ ਜਥੇਬੰਦ ਹੋ ਕੇ ਹਾਕਮ ਜਮਾਤਾਂ ਦੇ ਪਾਲ਼ੇ ਹੋਏ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।
ਸਟੇਜ ਸੰਚਾਲਨ ਦੀ ਭੂਮਿਕਾ ਨਵਜੋਤ ਕੌਰ ਚੰਨੋ ਨੇ ਬਾਖੂਬੀ ਨਿਭਾਈ।
ਇਸ ਮੌਕੇ :- ਨਵਜੋਤ ਕੌਰ ਚੰਨੋ, ਸੁਖਦੇਵ ਸਿੰਘ ਘਰਾਚੋਂ, ਲਾਡੀ ਬਖੋਪਿਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *