ਕਾਲਾ ਦਿਵਸ: ਕਾਰਪੋਰੇਟਾ ਦੀ ਅੰਨੀ ਲੁੱਟ ਨੂੰ ਤੇਜ਼ ਕਰਨ ਲਈ ਲਿਆਂਦੇ ਹਨ ਕਾਲੇ ਖੇਤੀ ਕਾਨੂੰਨ -ਉਗਰਾਹਾਂ ਹਰਿਆਣਾ ਦੇ ਪਿੰਡਾਂ ਚ ਕਾਲ਼ੇ ਝੰਡਿਆਂ ਨਾਲ ਕੀਤਾ ਮੋਟਰਸਾਈਕਲ ਮਾਰਚ

 

ਨਵੀਂ ਦਿੱਲੀ 26 ਮਈ (ਸਵਰਨ ਜਲਾਣ) ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਕੌੜਾ ਚੌਕ ਵਿਖੇ ਵਿਸ਼ਾਲ ਗਿਣਤੀ ‘ਚ ਜੁੜੇ ਮਰਦ ਔਰਤਾਂ ਤੇ ਨੌਜਵਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜਕੇ ਕਾਲ਼ਾ ਦਿਵਸ਼ ਮਨਾਇਆ ਗਿਆ।ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਅਤੇ ਆਰ ਐਸ ਐਸ ਸਰਕਾਰ ਵੱਲੋਂ ਪਿਛਲੇ ਸੱਤ ਸਾਲਾਂ ਦੌਰਾਨ ਲਾਗੂ ਕੀਤੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਹੱਲੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਹੀ ਕਾਲ਼ੇ ਖੇਤੀ ਕਾਨੂੰਨ ਲਿਆਂਦੇ ਗਏ ਹਨ ਜਿਨ੍ਹਾਂ ਦਾ ਮਕਸਦ ਕਿਸਾਨਾਂ ਤੋਂ ਜ਼ਮੀਨ ਖੋਹਕੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਿਛਲੇ ਸੱਤ ਸਾਲਾਂ ਦੌਰਾਨ ਲਾਗੂ ਕੀਤੀਆਂ ਇਨ੍ਹਾਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਬਦੌਲਤ ਹੀ ਆਰਥਿਕਤਾ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ,ਬੇਰੁਜ਼ਗਾਰੀ ਸਭ ਹੱਦਾਂ ਬੰਨੇ ਟੱਪ ਗਈ ਹੈ,ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ‘ਚੋਂ ਜਬਰੀ ਨਿਚੋੜਕੇ ਭਰੇ ਖ਼ਜ਼ਾਨੇ ਨਾਲ਼ ਉਸਾਰੇ ਰੇਲਵੇ,ਹਵਾਈ ਅੱਡੇ,ਪੈਟਰੋਲੀਅਮਖਾਣਾ ਅਤੇ ਥਰਮਲ ਵਰਗੇ ਪਬਲਿਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਕਾਰਪੋਰੇਟਾ ਦੀ ਝੋਲੀ ਪਾਏ ਗਏ ਹਨ।ਉਨ੍ਹਾਂ ਆਖਿਆ ਕਿ ਮੋਦੀ ਦੀ ਫਿਰਕੂ ਫਾਸ਼ੀ ਹਕੂਮਤ ਵੱਲੋਂ ਦੇਸ਼ ‘ਚ ਜਾਤਪਾਤ ਅਤੇ ਫਿਰਕੂ ਜਨੂੰਨ ਭੜਕਾਉਣ ਰਾਹੀਂ ਦਲਿਤਾਂ ਅਤੇ ਮੁਸਲਿਮ ਭਾਈਚਾਰੇ ਨੂੰ ਚੋਣਵੇਂ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਾਮਰਾਜ ਪੱਖੀ ਅਤੇ ਲੋਕ ਵਿਰੋਧੀ ਵਿਕਾਸ ਮਾਡਲ ਤੋਂ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਨਤਾ ਪੂਰੀ ਤਰ੍ਹਾਂ ਦੁਖੀ ਹੈ।

ਇਸੇ ਦੌਰਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਅਤੇ ਜ਼ਿਲ੍ਹਾ ਬਠਿੰਡਾ ਦੇ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਵਿੱਚ ਨੌਜਵਾਨ ਦੇ ਕਾਫਲੇ ਵੱਲੋਂ ਕਾਲ਼ੇ ਝੰਡਿਆਂ ਨਾਲ ਹਰਿਆਣੇ ਦੇ ਪਿੰਡਾਂ ਮਾਜਰਾ,ਦਾਬੋਦਾ,ਦੁਲੇੜਾ ਕਬਲਾਣਾ,ਝੱਜਰ ਸਹਿਰ,ਬਾਦਲੀ ਮਾਜਰੀ,ਗੋਭਾਨਾ,ਸੋਲਦਾ ਅਤੇ ਨਿਆ ਗਾਓਂ ਆਦਿ ਦਰਜਨ ਭਰ ਪਿੰਡਾਂ ‘ਚ ਮੋਟਰ ਸਾਈਕਲ ਮਾਰਚ ਕੱਢਿਆ ਗਿਆ ਜਿਸਨੂੰ ਸਥਾਨਕ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਅੱਜ ਦੇ ਇਕੱਠ ਨੂੰ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਸੰਬੋਧਨ ਕਰਦਿਆਂ ਅੱਜ ਦੇ ਕਾਲੇ ਦਿਵਸ ਦਾ ਮਹੱਤਵ ਉਭਾਰਦਿਆਂ ਆਖਿਆ ਕਿ ਲੋਕਾਂ ਦੇ ਸਮੂਹ ਵਰਗਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਦਿੱਤੇ ਭਰਵੇਂ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਕੁੱਲ ਲੋਕਾਈ ਮੋਦੀ ਹਕੂਮਤ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਸਤਾਈ ਹੋਈ ਹੈ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨ ਘੋਲ ‘ਚ ਔਰਤਾਂ ਦੇ ਅਹਿਮ ਰੋਲ ਦੀ ਚਰਚਾ ਕਰਦਿਆਂ ਕਿਹਾ ਕਿ ਇਹ ਕਿਸਾਨ ਘੋਲ ਦਾ ਅਹਿਮ ਹਾਸਲ ਕਿ ਲੋਕ ਵਿਰੋਧੀ ਸਿਆਸੀ ਪਾਰਟੀਆਂ ਤੇ ਲੀਡਰ ਵੀ ਇਸ ਦੇ ਮਗਰ ਘੜੀਸੇ ਹੋਏ ਆਪਣੇ ਘਰਾਂ ਉਤੇ ਕਾਲੇ ਝੰਡੇ ਲਾਉਣ ਵਾਸਤੇ ਮਜਬੂਰ ਹੋ ਗਏ ਹਨ।ਉਹਨਾਂ ਕਿਹਾ ਕਿ ਇਸ ਘੋਲ ਅੰਦਰ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ,ਲੇਖਕਾਂ, ਬੁੱਧੀਜੀਵੀਆਂ,ਸਮਾਜ ਕਾਰਕੁਨਾਂ, ਨਾਟਕਕਾਰਾਂ,ਕਵੀਆਂ,ਗੀਤਕਾਰਾ, ਕਲਾਕਾਰਾਂ ਅਤੇ ਵਿਦੇਸ਼ਾਂ ‘ਚ ਵਸਦੇ ਭਾਰਤੀਆਂ ਵੱਲੋਂ ਵੀ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ ਜ਼ੋ 6 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਮੋਰਚੇ ਨੂੰ ਅਹਿਮ ਤਾਕਤ ਪ੍ਰਦਾਨ ਕਰ ਰਿਹਾ ਹੈ।ਸਟੇਜ ਸੰਚਾਲਨ ਬਸੰਤ ਸਿੰਘ ਕੋਠਾਗੁਰੂ ਨੇ ਬਾਖੂਬੀ ਨਿਭਾਈ ਅਤੇ ਮਹਿੰਗਾ ਸਿੰਘ ਸਿੱਧੂ ਰਾਜਸਥਾਨ ਅਤੇ ਪੰਜਾਬੀ ਕਲਾਕਾਰ ਪੰਮੀ ਬਾਈ ਨੇ ਵੀ ਸੰਬੋਧਨ ਕੀਤਾ।

2 thoughts on “ਕਾਲਾ ਦਿਵਸ: ਕਾਰਪੋਰੇਟਾ ਦੀ ਅੰਨੀ ਲੁੱਟ ਨੂੰ ਤੇਜ਼ ਕਰਨ ਲਈ ਲਿਆਂਦੇ ਹਨ ਕਾਲੇ ਖੇਤੀ ਕਾਨੂੰਨ -ਉਗਰਾਹਾਂ ਹਰਿਆਣਾ ਦੇ ਪਿੰਡਾਂ ਚ ਕਾਲ਼ੇ ਝੰਡਿਆਂ ਨਾਲ ਕੀਤਾ ਮੋਟਰਸਾਈਕਲ ਮਾਰਚ

Leave a Reply

Your email address will not be published. Required fields are marked *

error: Content is protected !!