ਮਾਨਸਾ 24 ਮਈ ( ਸਵਰਨ ਜਲਾਣ )
ਜਿਲਾ ਮਾਨਸਾ ਦੇ ਬੁੱਢਲਾਡਾ ਸ਼ਹਿਰ ਦੇ ਵਾਰਡ ਨੰਬਰ:1 ਵਿੱਚ ਆਪਣੀ ਅਪਾਹਜ ਭੈਣ ਨਸੀਬ ਕੌਰ ਕੋਲ ਰਹਿੰਦੀ ਪਿੰਡ ਫੱਫੜੇ ਜਿਲਾ ਮਾਨਸਾ ਦੀ ਪੱਪੀ ਕੌਰ ਦੇ ਨੌਜਵਾਨ ਲੜਕੇ ਮਨਪ੍ਰੀਤ ਸਿੰਘ ਬਿੱਲਾ ਦੀ ਸ਼ਨੀਵਾਰ 22 ਮਈ ਨੂੰ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮਨਪ੍ਰੀਤ ਮਿਹਨਤ ਮਜ਼ਦੂਰੀ ਕਰਦਾ ਸੀ ਜੋ ਕੁਝ ਦਿਨ ਪਹਿਲਾਂ ਹੀ ਕੰਬਾਈਨ ‘ਤੇ ਸੀਜਨ ਲਗਾ ਕੇ ਵਾਪਿਸ ਆਇਆ ਸੀ। ਗੁਆਂਢ ਵਿੱਚ ਹੋਏ ਕਿਸੇ ਝਗੜੇ ਕਾਰਣ ਸ਼ਨੀਵਾਰ ਰਾਤ ਸਮੇਂ ਸਿਟੀ ਥਾਣਾ ਬੁੱਢਲਾਡਾ ਦੇ ਪੁਲਿਸ ਮੁਲਾਜਮ ਵਲੋਂ ਮਨਪ੍ਰੀਤ ਨੂੰ ਪੁਲਿਸ ਸਟੇਸ਼ਨ ਲਿਜਾਇਆ ਜਾਂਦਾ ਹੈ। ਕੁਝ ਘੰਟਿਆਂ ਬਾਅਦ ਹੀ ਇਕ ਦੋ ਨਜ਼ਦੀਕੀਆਂ ਨਾਲ ਮਨਪ੍ਰੀਤ ਦੀ ਮਾਤਾ ਪੁਲਿਸ ਥਾਣੇ ਪਹੁੰਚਦੀ ਹੈ। ਜਿਵੇਂ ਹੀ ਮਨਪ੍ਰੀਤ ਨੂੰ ਘਰ ਲਿਆਂਦਾ ਜਾਂਦਾ ਹੈ ਤਾਂ ਉਸਦੀ ਮੌਤ ਹੋ ਜਾਂਦੀ ਹੈ। ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਦਲਿਤ ਨੌਜਵਾਨ ਨੂੰ ਪੁਲਿਸ ਸਟੇਸ਼ਨ ਵਿੱਚ ਬਹੁਤ ਜ਼ਾਲਮਾਨਾ ਢੰਗ ਨਾਲ ਕੁੱਟਿਆ ਗਿਆ,ਪੁਲਿਸ ਥਾਣੇ ਵਿੱਚ ਵੀ ਉਹ ਬਹੁਤ ਬੁਰੀ ਹਾਲਤ ਵਿੱਚ ਸੀ। ਜਿੱਥੇ ਉਹ ਵਾਰ ਵਾਰ ਪਾਣੀ ਮੰਗਦਾ ਰਿਹਾ ਪਰ ਕਿਸੇ ਨੇ ਉਸਨੂੰ ਪਾਣੀ ਨਹੀਂ ਪਿਲਾਇਆ। ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਕਾਫੀ ਕੁਝ ਬਿਆਨ ਕਰ ਰਹੇ ਹਨ। ਕੁਝ ਘੰਟਿਆਂ ਵਿੱਚ ਹੀ ਦਲਿਤ ਨੌਜਵਾਨ ਦੀ ਮੌਤ ਹੋ ਗਈ। ਐਤਵਾਰ ਸਵੇਰ ਤੋਂ ਪਰਿਵਾਰਿਕ ਮੈਂਬਰ ਪੁਲਿਸ ਥਾਣੇ ਅੱਗੇ ਲਾਸ਼ ਰੱਖਕੇ ਆਪਣੇ ਗੱਭਰੂ ਪੁੱਤਰ ਦੀ ਮੌਤ ਦੇ ਜਿੰਮੇਵਾਰ ਦੋਸ਼ੀਆਂ ਖਿਲਾਫ ਕਾਰਵਾਈ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਅਸੀਂ ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਅਤੇ ਐਸ.ਐਸ.ਪੀ ਮਾਨਸਾ ਤੋਂ ਮੰਗ ਕਰਦੇ ਹਾਂ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।