ਬਠਿੰਡਾ 13 ਅਪ੍ਰੈਲ (ਸਵਰਨ ਜਲਾਣ) ਵਿਸਾਖੀ ਦੇ ਇਤਹਾਸਕ ਦਿਹਾੜੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੀ ਖੇਤੀ ਕਾਨੂੰਨਾਂ ਵਿਰੋਧੀ ਕਾਨਫਰੰਸ ‘ਚ ਹਜ਼ਾਰਾਂ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨਾਂ ਤੇ ਨੌਜਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਉਹ ਅੱਜ ਦੇ ਇਤਹਾਸਕ ਦਿਹਾੜੇ ਤੋਂ ਪ੍ਰੇਰਨਾ ਲੈਕੇ ਮੋਦੀ ਸਰਕਾਰ ਵਲੋਂ ਲਿਆਂਦੇ ਕਾਲ਼ੇ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਖੇਤੀ ਖੇਤਰ ਦੀ ਸਾਮਰਾਜੀ ਲੁੱਟ ਤੋਂ ਮੁਕੰਮਲ ਮੁਕਤੀ ਲਈ ਸੰਗਰਾਮ ਜ਼ਾਰੀ ਰੱਖਣਗੇ । ਉਹਨਾਂ ਐਲਾਨ ਕੀਤਾ ਕਿ 21 ਮਾਰਚ ਨੂੰ ਸੂਬੇ ਭਰ ਚੋਂ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਦਾ ਵਿਸ਼ਾਲ ਕਾਫ਼ਲਾ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕਰੇਗਾ। ਉਹਨਾਂ ਜਲਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਜਿਸ ਅੰਗਰੇਜ਼ੀ ਸਾਮਰਾਜ ਤੋਂ ਮੁਕਤੀ ਲਈ ਜਲਿਆਂ ਬਾਗ਼ ਦੇ ਸ਼ਹੀਦਾਂ ਨੇ ਜਾਤਾਂ ਧਰਮਾਂ ਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਸ਼ਹਾਦਤਾਂ ਦਿੱਤੀਆਂ ਸਨ ਅੱਜ ਉਹਨਾਂ ਅੰਗਰੇਜ਼ ਸਾਮਰਾਜੀਆਂ ਸਮੇਤ ਅਨੇਕਾਂ ਸਾਮਰਾਜੀ ਮੁਲਕਾਂ ਵੱਲੋਂ ਸਾਡੇ ਮੁਲਕ ਦੀ ਖੇਤੀ,ਸਨਅਤ , ਬਿਜਲੀ, ਪਾਣੀ ਸਮੇਤ ਦੇਸ਼ ਦੇ ਸਭੈ ਅਮੀਰ ਕੁਦਰਤੀ ਸਰੋਤਾਂ ਨੂੰ ਲੁੱਟਣ ਦੇ ਲਈ ਹੱਲਾ ਬੋਲ ਰੱਖਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ। ਉਹਨਾਂ ਕਿਹਾ ਅੱਜ਼ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ ਨੂੰ ਅੱਗੇ ਵਧਾਉਣ ਲਈ ਸ਼ਹੀਦਾਂ ਦੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਭਾਜਪਾ ਫਿਰਕੂ ਫਾਸ਼ੀਵਾਦ ਹਕੂਮਤ ਖ਼ਿਲਾਫ਼ ਘੋਲ਼ ਨੂੰ ਤੇਜ਼ ਕਰਦੇ ਹੋਏਕਿਸਾਨ ਘੋਲ ਨੂੰ ਫਿਰਕੂ ਲੀਹਾਂ ‘ਤੇ ਵੰਡਕੇ ਸਿਰਫ ਸਿੱਖਾਂ ਦੇ ਘੋਲ ਵਜੋਂ ਸਥਾਪਿਤ ਕਰਨ ਰਾਹੀਂ ਇਸਨੂੰ ਲੀਹੋਂ ਲਾਹੁਣਾ ਚਾਹੁੰਦੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਵੀ ਮਾਤ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਲੁੱਟ ਅਤੇ ਜ਼ਬਰ ਜ਼ੁਲਮ ਦੇ ਖਾਤਮੇ ਲਈ ਜਾਤਪਾਤੀ ਵਿਵਸਥਾ ਨੂੰ ਖਤਮ ਕਰਕੇ ਸਮੂਹ ਕਿਰਤੀ ਕਿਸਾਨਾਂ ਨੂੰ ਇੱਕਜੁੱਟ ਕਰਨ ਲਈ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ। ਉਹਨਾਂ ਐਲਾਨ ਕੀਤਾ ਕਿ ਮੌਜੂਦਾ ਘੋਲ਼ ਨੂੰ ਅੱਗੇ ਵਧਾਉਣ ਲਈ ਮਈ ਮਹੀਨੇ ‘ਚ ਸੰਸਦ ਵੱਲ ਵਿਸ਼ਾਲ ਤੇ ਜਬਤਬੱਧ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਘੋਲ਼ ਸਮੁਚੇ ਮੁਲਕ ਦੇ ਕਿਸਾਨਾਂ ਦਾ ਘੋਲ਼ ਬਣਕੇ ਲੋਕ ਘੋਲ਼ ਚ ਤਬਦੀਲ ਹੋ ਗਿਆ ਹੈ ਜਿਸਨੂੰ ਸਮੂਹ ਲੋਕਾਂ ਵੱਲੋਂ ਹਮਾਇਤ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇਸ ਇਤਿਹਾਸਕ ਕਿਸਾਨ ਘੋਲ਼ ਸਮੂਹ ਲੋਕ ਦੋਖੀ ਸਿਆਸੀ ਪਾਰਟੀਆਂ ਦੀ ਲੋਕ ਵਿਰੋਧੀ ਖ਼ਸਲਤ ਨੰਗੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਘੋਲ਼ ਲੋਕਾਂ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਰਮਿਆਨ ਘੋਲ਼ ਹੈ। ਉਹਨਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਗੱਲਬਾਤ ਦੀ ਮੇਜ਼ ਤੇ ਬੁਰੀ ਤਰ੍ਹਾਂ ਹਾਰ ਚੁੱਕੀ ਹੈ । ਉਹਨਾਂ
ਮੌਜੂਦਾ ਸੰਘਰਸ਼ ਦੀ ਹੋਰ ਤਕੜਾਈ ਲਈ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਸਭਨਾਂ ਵਰਗਾਂ ਨੂੰ ਇਸ ਘੋਲ ‘ਚ ਸ਼ਾਮਲ ਕਰਾਉਣ ਲਈ ਹੋਰ ਤਾਣ ਜੁਟਾਉਣ ਦਾ ਸੱਦਾ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਸਮੁੱਚੇ ਮੁਲਕ ‘ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਖਰੀਦ ਮੁੱਲ ਤੇ ਸੰਵਿਧਾਨਕ ਗਾਰੰਟੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ। ਇਸ ਮੌਕੇ ਹਰਿਆਣਾ ਤੋਂ ਖੇਤੀ ਕਾਨੂੰਨਾਂ ਵਿਰੋਧੀ ਦੀ ਮਹਿਲਾ ਵਿੰਗ ਦੀ ਆਗੂ ਸ਼ਾਰਦਾ ਦੀਕਸ਼ਤ ਤੇ ਰੀਤੂ ਕੌਸ਼ਿਕ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮੌਜ਼ੂਦਾ ਘੋਲ਼ ਸ਼ੁਰੂ ਕਰਕੇ ਹਰਿਆਣੇ ਤੇ ਪੰਜਾਬ ਦੀ ਸਾਂਝ ਨੂੰ ਮੁੜ ਬੁਲੰਦੀਆਂ ਤੇ ਲੈ ਆਂਦਾ ਹੈ। ਉਹਨਾਂ ਕਿਹਾ ਹਰਿਆਣਾ ਦੀਆਂ ਔਰਤਾਂ ਵੀ ਇਸ ਘੋਲ ‘ਚ ਪੰਜਾਬ ਦੀਆਂ ਔਰਤਾਂ ਵਾਂਗ ਆਪਣੇ ਭਰਾਵਾਂ ਦੇ ਬਰਾਬਰ ਮੋਢਾ ਲਾਕੇ ਖੜੀਆਂ ਹਨ। ਬੀਕੇਯੂ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਮੁਗਲ ਸਾਮਰਾਜ ਤੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜੇ ਗਏ ਸੰਘਰਸ਼ਾਂ ਦੌਰਾਨ ਵੀ ਔਰਤਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਸੀ ਅਤੇ ਅੱਜ ਵੀ ਕਿਸਾਨ ਮਜ਼ਦੂਰ ਔਰਤਾਂ ਆਪਣੀ ਵਿਰਾਸਤ ਨੂੰ ਬੁਲੰਦ ਕਰਦੀਆਂ ਹੋਈਆਂ ਪਹਿਲੇ ਦਿਨ ਤੋਂ ਹੀ ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ‘ਚ ਡਟੀਆਂ ਹੋਈਆਂ ਹਨ। ਉਹਨਾਂ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਹਾੜੀ ਦੇ ਰੁਝੇਵਿਆਂ ‘ਚ ਕਿਸਾਨ ਮੋਰਚਿਆਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਅੱਗੇ ਆਉਣ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਆਗੂ ਝੰਡਾ ਸਿੰਘ ਜੇਠੂਕੇ ਤੇ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਕਿਰਨਜੀਤ ਸਿੰਘ ਸੇਖੋਂ , ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ ਡੀਟੀਐਫ ਦੇ ਆਗੂ ਰੇਸ਼ਮ ਸਿੰਘ ਤੇ ਮੁਲਾਜ਼ਮਾਂ ਦੇ ਆਗੂ ਮੇਘ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਬੁਰਜ਼ ਸੇਮਾ, ਹਰਿੰਦਰ ਕੌਰ ਬਿੰਦੂ ਤੇ ਜਗਦੇਵ ਸਿੰਘ ਜੋਗੇਵਾਲਾ ਵੀ ਮੌਜੂਦ ਸਨ। ਇਸ ਕਾਨਫਰੰਸ ਦੌਰਾਨ ਨਾਟਿਯਮ ਜੈਤੋ ਦੀ ਨਾਟਕ ਟੀਮ ਵੱਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਖੇਤੀ ਕਾਨੂੰਨਾਂ ਖਿਲਾਫ ਦੋ ਨਾਟਕ ਸਿਕੰਦਰ ਦਾ ਘੋੜਾ ਤੇ ਇੱਕ ਵਟਾ ਜੀਰੋ ਪੇਸ਼ ਕੀਤੇ ਗਏ ਅਤੇ ਗੁਰਵਿੰਦਰ ਬਰਾੜ ਵੱਲੋਂ ਆਪਣੇ ਗੀਤ ਪੇਸ਼ ਕੀਤੇ ਗਏ।