ਭਵਾਨੀਗੜ੍ਹ 13 ਅਪ੍ਰੈਲ ਸਵਰਨ ਜਲਾਣ
ਅੱਜ ਖਾਲਸਾ ਪੰਥ ਦੇ ਸਥਾਪਨਾ ਦਿਵਸ ਅਤੇ ਜਲ੍ਹਿਆਂ ਵਾਲਾ ਬਾਗ ਖੂਨੀ ਸਾਕੇ ਨੂੰ ਸਮਰਪਿਤ ਟੋਲ ਪਲਾਜ਼ਾ ਕਾਲਾਝਾੜ ਧਰਨੇ ਵਿਚ ਸ਼ਾਮਿਲ ਵੱਡੀ ਗਿਣਤੀ ਕਿਸਾਨਾਂ ਅਤੇ ਔਰਤਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਨੇ ਕਿਹਾ ਕਿ ਹਾੜੀ ਦੇ ਸੀਜਨ ਵਿੱਚ ਵੀ ਅੰਦੋਲਨ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਸਗੋਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਖਨੌਰੀ ਬਾਰਡਰ ਰਾਹੀਂ 20 ਹਜ਼ਾਰ ਤੋਂ ਵੱਧ ਕਿਸਾਨਾਂ ਦਾ ਕਾਫ਼ਲਾ ਦਿੱਲੀ ਮੋਰਚੇ ਵਿਚ ਡੱਟੇਗਾ।
ਆਗੂਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਹੇਠ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਪਰ ਕਿਸਾਨ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਪਿੱਛੇ ਨਹੀਂ ਹੱਟਣਗੇ। ਉਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲ ਰਿਹਾ ਹੈ।
ਅਖੀਰ ਵਿਚ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਹਮਲੇ ਖ਼ਿਲਾਫ਼ ਜੂਝਦੇ ਲੋਕਾਂ ਲਈ ਜਲ੍ਹਿਆਂ ਵਾਲੇ ਦੌਰ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਫਿਰਕੂ ਵੰਡਾਂ ਤੋਂ ਉੱਪਰ ਉੱਠ ਕੇ ਏਕਾ ਬਣਾਉਣ ਤੇ ਜੂਝਣ ਦੀ ਉਸੇ ਭਾਵਨਾ ਨੂੰ ਮਨੀ ਵਸਾਉਣ ਦੀ ਲੋੜ ਹੈ। ਨਾਬਰੀ ਦੇ ਇਰਾਦਿਆਂ ਤੇ ਕੁਰਬਾਨੀ ਦੀ ਭਾਵਨਾ ਦੇ ਉਸ ਮੁਕਾਮ ਨੂੰ ਹਾਸਿਲ ਕਰਨ ਦੀ ਲੋੜ ਹੈ ਜੋ ਜਲ੍ਹਿਆਂ ਵਾਲੇ ਸਾਕੇ ਦੇ ਦਿਨਾਂ ਚ ਸੀ। ਮੋਦੀ ਦੀ ਫਿਰਕੂ ਫਾਸ਼ੀ ਹਮਲੇ ਖ਼ਿਲਾਫ਼ ਜੂਝਣ ਲਈ ਸਾਡੇ ਕੌਮੀ ਮੁਕਤੀ ਸੰਗਰਾਮ ਦੀ ਇਹ ਮਹਾਨ ਵਿਰਾਸਤ ਅੱਜ ਵੀ ਸਾਡਾ ਰਾਹ ਰੁਸ਼ਨਾ ਰਹੀ ਹੈ।
ਇਸ ਮੌਕੇ :- ਕਿਸਾਨ ਆਗੂ ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾ, ਸੰਦੀਪ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ ਕਲਾਂ, ਸੁਖਦੇਵ ਸਿੰਘ ਘਰਾਚੋਂ, ਨਰੈਣ ਸਿੰਘ ਕਾਲਾਝਾੜ, ਅਧਿਆਪਕ ਆਗੂ ਗੁਰਲਾਭ ਸਿੰਘ ਆਲੋਅਰਖ, ਤਰਕਸ਼ੀਲ ਆਗੂ ਚਮਕੌਰ ਸਿੰਘ ਮਹਿਲਾ ਆਦਿ ਨੇ ਸੰਬੋਧਨ ਕੀਤਾ।