ਸੰਗਰੂਰ 11 ਅਪ੍ਰੈਲ ( ਸਵਰਨ ਜਲਾਣ )ਆਮ ਆਦਮੀ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਅਤੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਕੁਕੀ ਲਦਾਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਕਾਰੀਗਰਾਂ ਅਤੇ ਵਪਾਰੀਆਂ ਦਾ ਵੀ ਬਹੁਤ ਨੁਕਸਾਨ ਕਰ ਰਹੇ ਹਨ! ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਅਤੇ ਕੁਕੀ ਲਦਾਲ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਕੈਪਟਨ ਸਰਕਾਰ ਵੀ ਬਰਾਬਰ ਜਿੰਮੇਵਾਰ ਹੈ ਕਿਉਂਕਿ ਪੰਜਾਬ ਸਰਕਾਰ ਕੇਂਦਰ ਦੇ ਨਾਲ ਰਲੀ ਹੈ ਅਤੇ ਕਿਸਾਨਾਂ ਨਾਲ ਹੋਣ ਦਾ ਦਿਖਾਵਾ ਵੀ ਕਰ ਰਹੀ ਹੈ। ਕੈਪਟਨ ਸਰਕਾਰ ਨੇ ਵਪਾਰੀਆਂ ਅਤੇ ਆੜ੍ਹਤੀਆਂ ਦਾ ਪੱਖ ਕੇਂਦਰ ਸਰਕਾਰ ਕੋਲ ਸਹੀ ਤਰ੍ਹਾਂ ਨਹੀਂ ਰੱਖਿਆ, ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਅਤੇ ਵਪਾਰੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹ|ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਵੱਲੋਂ ਵਰਤੀ ਜਾ ਰਹੀ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਕਰਦਿਆਂ ਕੇਂਦਰ ਸਰਕਾਰ ਨੇ ਹਰੇਕ ਥੈਲੇ ਦੀ ਕੀਮਤ 1200 ਰੁਪਏ ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਹੈ, ਪੰਜਾਬ ਵਿੱਚ 8 ਲੱਖ ਟਨ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਕੇਂਦਰ ਸਰਕਾਰ 1100 ਕਰੋੜ ਰੁਪਏ ਦਾ ਵਾਧੂ ਬੋਝ ਕਿਸਾਨਾਂ ਤੇ ਪਾ ਰਹੀ ਹੈ| ‘ਆਪ’ ਨੇਤਾਵਾਂ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਫਸਲਾਂ ਦਾ ਰੇਟ ਨਹੀਂ ਮਿਲ ਰਿਹਾ ਹੈ ਦੂਜੇ ਪਾਸੇ ਡੀਏਪੀ ਖਾਦ ਅਤੇ ਹੋਰ ਸਮਾਨ ਦੇ ਭਾਅ ਕਈ ਗੁਣਾ ਵਧਣ ਕਾਰਨ ਮੋਦੀ ਦੀ ਕਿਸਾਨ ਵਿਰੋਧੀ ਨੀਤੀ ਦਿਖਾਈ ਦੇ ਰਹੀ ਹੈ ਅਤੇ ਕੈਪਟਨ ਸਰਕਾਰ ਦੀ ਚੁੱਪੀ ਤੋਂ ਸਾਫ਼ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਖੜੇ ਹੋਣ ਦਾ ਸਿਰਫ ਦਿਖਾਵਾ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਨੂੰ ਲੁੱਟ ਰਹੀ ਹੈ। ਦਵਿੰਦਰ ਸਿੰਘ ਬਦੇਸ਼ਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ,ਆੜ੍ਹਤੀਆਂ ਅਤੇ ਛੋਟੇ ਕਾਰੋਬਾਰੀਆਂ ਦੇ ਨਾਲ ਖੜੀ ਹੈ ਅਤੇ ਖੜੇ ਰਹੇਗੀ |