ਸੰਗਰੂਰ 9 ਅਪ੍ਰੈਲ (ਸਵਰਨ ਜਲਾਣ )ਪਿਛਲੇ ਦਿਨੀਂ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਪੰਚਾਇਤੀ ਰਾਜ ਰਾਹੀਂ ਕਰੀਬ 18 ਲੱਖ ਰੁਪਏ ਦੀ ਗ੍ਰਾਂਟ ਨਾਲ ਬਣਿਆ ਰੇਨ ਵਾਟਰ ਹਾਰਵੇਸਟਿੰਗ ਛੱਪੜ ਪਹਿਲੇ ਦਿਨ ਹੀ ਪਾਣੀ ਛੱਡਣ ਨਾਲ ਢਹਿਢੇਰੀ ਹੋ ਗਿਆ। ਇਸ ਮੁੱਦੇ ਨੂੰ ਉਠਾਉਂਦੇ ਹੋਏ ਆਪ ਆਗੂ ਨਰਿੰਦਰ ਕੌਰ ਭਰਾਜ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਵਾਲ ਉਠਾਉਂਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਪਰ ਕੋਈ ਵੀ ਜਾਂਚ ਨਾ ਹੋਣ ਕਾਰਨ ਨਰਿੰਦਰ ਕੌਰ ਭਰਾਜ ਨੇ ਪਿੰਡ ਵਾਸੀਆਂ ਨਾਲ ਡੀ ਸੀ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਵਿਧਾਇਕ ਵਿਜੇਇੰਦਰ ਸਿੰਗਲਾ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਲੋਕਾਂ ਦੇ ਪੈਸੇ ਦੀ ਅੰਨ੍ਹੀ ਲੁੱਟ ਹੋ ਰਹੀ ਹੈ ਅਤੇ ਹਰ ਕੰਮ ਵਿਚ ਵੱਡੇ ਪੱਧਰ ਤੇ ਘੁਟਾਲੇ ਹੋ ਰਹੇ ਹਨ। ਜਿਸ ਦੀ ਮਿਸਾਲ ਹਰਕ੍ਰਿਸ਼ਨਪੁਰਾ ਦਾ ਛੱਪੜ ਹੈ ਜਿਸ ਨੂੰ ਲੱਖਾਂ ਰੁਪਿਆਂ ਲਗਾਉਣ ਤੋ ਬਾਅਦ ਜਦੋਂ ਤਿਆਰ ਕਰਕੇ ਪਾਣੀ ਛੱਡਿਆ ਗਿਆ ਤਾਂ ਪੰਜ ਮਿੰਟਾਂ ਵਿਚ ਹੀ ਉਹ ਢਹਿਢੇਰੀ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਘੁਟਾਲੇ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਲਈ ਉਨ੍ਹਾਂ ਨੇ ਡੀ ਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ:- ਆਪ ਆਗੂ ਹਰਿੰਦਰ ਸ਼ਰਮਾ, ਨਿਰਮਲ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ, ਸਿਕੰਦਰ ਸਿੰਘ, ਹਰਦੀਪ ਤੂਰ, ਮਨਦੀਪ ਲੱਖੇਵਾਲ, ਨੋਨੀ ਸਿੰਘ, ਹਰਜੀਤ ਗਰੇਵਾਲ, ਜਗਜੀਤ ਸਿੰਘ,ਰਾਕੇਸ਼ ਕੁਮਾਰ, ਬਲਵਿੰਦਰ ਸਿੰਘ ਆਦਿ ਸ਼ਾਥੀ ਰਹੇ। ਮੰਗ ਪੱਤਰ ਦਿੱਤੇ ਜਾਣ ਸਮੇਂ ਡੀ ਸੀ ਸੰਗਰੂਰ ਨੇ ਕਿਹਾ ਕਿ ਚੀਫ ਸੈਕਟਰੀ ਪੰਜਾਬ ਨੇ ਇਸ ਤੇ ਗੰਭੀਰਤਾ ਨਾਲ ਨੋਟਿਸ ਲਿਆ ਹੈ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।