ਭਵਾਨੀਗੜ੍ਹ (ਸਵਰਨ ਜਲਾਣ)
ਜਦੋਂ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਪਰ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਇਸ ਲੜਾਈ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਸ ਸਮੇਂ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਦੀ ਬਜਾਏ ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਕਿਸਾਨੀ ਦੇ ਨਾਮ ਉਪਰ ਇਕ ਸਿਆਸੀ ਰੈਲੀ ਕਰਨ ਜਾ ਰਿਹਾ ਹੈ। ਜਿਸ ਦਾ ਕਿ ਨਾਮ “ਕਿਸਾਨ ਮਹਾਂ ਸੰਮੇਲਨ” ਰੱਖਿਆ ਗਿਆ ਹੈ ਅਤੇ ਦੂਸਰੇ ਪਾਸੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇਹ ਸਪਸ਼ਟ ਕਰ ਚੁੱਕੀਆਂ ਹਨ। ਕਿ ਪੰਜਾਬ ਦੇ ਕਿਸਾਨਾਂ ਦਾ ਇਸ ਰੈਲੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਆਪਣੀ ਰਾਜਨੀਤਕ ਜ਼ਮੀਨ ਗੁਆ ਚੁੱਕੀ ਆਮ ਆਦਮੀ ਪਾਰਟੀ ਹੁਣ ਕਿਸਾਨੀ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੇਜਰੀਵਾਲ ਨੇ ਦਿੱਲੀ ਦੇ ਬਾਡਰਾਂ ਤੇ ਬੈਠੇ ਕਿਸਾਨਾਂ ਦੀ ਮਦਦ ਵਾਸਤੇ ਕੋਈ ਵੀ ਖਾਸ ਕਦਮ ਨਹੀਂ ਚੁੱਕਿਆ ਸਗੋਂ ਇਸ ਦੇ ਉਲਟ ਕੇਜਰੀਵਾਲ ਨੇ ਤਿੰਨੇ ਕਾਲੇ ਕਾਨੂੰਨਾਂ ਵਿਚੋਂ ਇਕ ਕਾਨੂੰਨ ਦਿੱਲੀ ਵਿਖੇ ਲਾਗੂ ਕਰ ਦਿੱਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨ ਆਪਣੇ ਪਰਿਵਾਰਾਂ ਸਮੇਤ ਦਿੱਲੀ ਦੇ ਬਾਰਡਰਾਂ ਵੱਲ ਜਾ ਰਹੇ ਹਨ ਤਾਂ ਕਿ ਆਪਣੀ ਆਵਾਜ਼ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾ ਸਕੇ ਅਜਿਹੇ ਨਾਜ਼ੁਕ ਸਮੇਂ ਵਿਚ ਕੇਜਰੀਵਾਲ ਆਪਣੀ ਜੁੰਡਲੀ ਨੂੰ ਲੈ ਕੇ ਪੰਜਾਬ ਕੀ ਕਰਨ ਆ ਰਿਹਾ ਹੈ? ਉਨ੍ਹਾਂ ਅਖੀਰ ਵਿੱਚ ਕਿਹਾ ਕੀ ਪੰਜਾਬ ਦੇ ਲੋਕ ਹੁਣ ਕੇਜਰੀਵਾਲ ਦੀਆਂ ਲੂੰਬੜ ਚਾਲਾਂ ਵਿਚ ਨਹੀਂ ਆਉਣਗੇ ਅਤੇ 2022 ਵਿੱਚ ਪੰਜਾਬ ਚੋਂ ਆਮ ਆਦਮੀ ਪਾਰਟੀ ਦਾ ਮੁਕੰਮਲ ਸਫਾਇਆ ਕਰਨਗੇ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸਾਨ ਮੁੱਦਿਆਂ ਉਪਰ ਆਪਣੀ ਗੰਦੀ ਰਾਜਨੀਤੀ ਬੰਦ ਨਾ ਕੀਤੀ ਤਾਂ ਜਲਦ ਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।